ਗੁਰਦਾਸਪੁਰ, 15 ਅਕਤੂਬਰ 2024 – ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਵਾਰਡ ਨੰਬਰ 8 ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਪੰਚ ਉਮੀਦਵਾਰਾਂ ਦੇ ਨਾਂਮ ਅੱਗੇ ਗਲਤ ਚੋਣ ਨਿਸ਼ਾਨ ਆਉਣ ਕਰਕੇ ਚੋਣ ਪ੍ਰਕਿਰਿਆ ਰੋਕੀ ਗਈ ਹੈ । ਪੋਲਿੰਗ ਏਜੈਂਟ ਵੱਲੋਂ ਇਸ ਦੀ ਸ਼ਿਕਾਇਤ ਪ੍ਰਿਜਾਈਡਿੰਗ ਅਫਸਰ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਵੋਟ ਪਾਉਣ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਆ ਹੈ।ਹਾਲਾਂਕਿ ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਕਿਨਾਂ ਦੋ ਉਮੀਦਵਾਰਾਂ ਦੇ ਨਾਂ ਅੱਗੇ ਗਲਤ ਚੋਣ ਨਿਸ਼ਾਨ ਦੇਖੇ ਗਏ ਸੀ।
ਉੱਥੇ ਹੀ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਵੋਟਰਾਂ ਵਿੱਚ ਗੁੱਸੇ ਦੀ ਲਹਿਰ ਦੇਖੀ ਜਾ ਰਹੀ ਹੈ। ਵੱਡਾ ਸਵਾਲ ਇਹ ਹੈ ਕਿ ਆਖਿਰ ਇੱਕ ਬੂਥ ਦੇ ਬੈਲਟ ਪੇਪਰਾਂ ਤੇ ਹੀ ਪੰਚੀ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਕਿਵੇਂ ਬਦਲ ਗਏ ਹਨ। ਅਧਿਕਾਰੀ ਦੱਬੀ ਜੁਬਾਨ ਵਿੱਚ ਇਸ ਨੂੰ ਪ੍ਰਿੰਟਿੰਗ ਦੀ ਗਲਤੀ ਕਹਿ ਰਹੇ ਹਨ ਪਰ ਖੁੱਲ ਕੇ ਕੋਈ ਵੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਿਨਾਂ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਆਪਸ ਵਿੱਚ ਬਦਲੇ ਹਨ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦਾ ਪਿੰਡ ਹੈ ਬੱਬੇਹਾਲੀ।
ਇਸ ਤੋਂ ਕੁਝ ਦੇਰ ਪਹਿਲਾਂ ਬਾਹਰੀ ਵਿਅਕਤੀ ਦੇ ਆਣ ਤੇ ਵੀ ਵੋਟਰਾਂ ਵਿੱਚ ਆਪਸ ਵਿੱਚ ਗਹਿਮਾਂ ਗਹਿਮੀ ਹੋਣ ਦੀ ਖਬਰ ਆਈ ਸੀ ਜਿਸ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਮੌਕੇ ਤੇ ਪਹੁੰਚੇ ਸਨ ਅਤੇ ਬਾਹਰੀ ਵਿਅਕਤੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਚੋਣ ਦੌਰਾਨ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਜਾਂ ਸ਼ਰਾਰਤ ਬਰਦਾਸ਼ਤ ਨੇ ਹੀ ਕੀਤੀ ਜਾਵੇਗੀ।