ਲੁਧਿਆਣਾ, 19 ਜੁਲਾਈ 2024 – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਦਿਨਾਂ ਬਾਅਦ ਸ਼ਹਿਰ ਪਰਤ ਆਏ ਹਨ। ਵੀਰਵਾਰ ਰਾਤ ਨੂੰ ਉਹ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੇ ਨੌਘਾਰਾ ਸਥਿਤ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪਹੁੰਚੇ। ਵੜਿੰਗ ਥਾਪਰ ਦੀ ਰਿਹਾਇਸ਼ ‘ਤੇ ਕਰੀਬ 5 ਮਿੰਟ ਤੱਕ ਰੁਕੇ।
ਵੜਿੰਗ ਪਾਣੀ ਪੀਏ ਬਿਨਾਂ ਉਥੋਂ ਚਲੇ ਗਏ। ਜਿਵੇਂ ਹੀ ਉਨ੍ਹਾਂ ਨੂੰ ਪੱਤਰਕਾਰਾਂ ਵੱਲੋਂ ਸੰਦੀਪ ਗੋਰਾ ਥਾਪਰ ਦੀ ਸਿਹਤ ਬਾਰੇ ਪੁੱਛ-ਪੜਤਾਲ ਕਰਨ ਅਤੇ ਸੰਸਦ ਮੈਂਬਰ ਦਾ ਸ਼ਹਿਰ ਵਿੱਚ ਕੋਈ ਸਥਾਈ ਦਫ਼ਤਰ ਨਾ ਹੋਣ ਦੀ ਗੱਲ ਦੀ ਕੀਤੀ ਤਾਂ ਵੜਿੰਗ ਪੱਤਰਕਾਰਾਂ ਨੂੰ ਟਾਲਦੇ ਹੋਏ ਚਲੇ ਗਏ। ਦੱਸ ਦਈਏ ਕਿ ਦਫਤਰ ਨਾ ਖੋਲ੍ਹਣ ਨੂੰ ਲੈ ਕੇ ਸ਼ਹਿਰ ‘ਚ ਵਿਰੋਧੀ ਧਿਰ ਵੀ ਲਗਾਤਾਰ ਵੜਿੰਗ ਨੂੰ ਘੇਰ ਰਹੀ ਹੈ।
ਸੰਦੀਪ ਥਾਪਰ ਗੋਰਾ ਨੇ ਦੱਸਿਆ ਕਿ ਵੜਿੰਗ ਕਰੀਬ 3 ਤੋਂ 5 ਮਿੰਟ ਉਨ੍ਹਾਂ ਦੇ ਘਰ ਰੁਕੇ। ਵੜਿੰਗ ਨੇ ਪਾਣੀ ਵੀ ਨਹੀਂ ਪੀਤਾ। ਥਾਪਰ ਨੇ ਕਿਹਾ ਕਿ ਸਾਂਸਦ ਹੋਣ ਦੇ ਨਾਤੇ ਵੜਿੰਗ ਨੂੰ ਉਸ ਦਿਨ ਲੁਧਿਆਣਾ ਆਉਣਾ ਚਾਹੀਦਾ ਸੀ, ਜਿਸ ਦਿਨ ਉਨ੍ਹਾਂ ‘ਤੇ ਨਿਹੰਗਾਂ ਨੇ ਤਲਵਾਰਾਂ ਨਾਲ ਹਮਲਾ ਕੀਤਾ ਸੀ।
ਅੱਜ ਵੀ ਵੜਿੰਗ ਨਾਲ ਕੋਈ ਖਾਸ ਗੱਲਬਾਤ ਨਹੀਂ ਹੋਈ। ਵੜਿੰਗ ਨੇ ਬੱਸ ਇਹੀ ਪੁੱਛਿਆ ਕਿ ਤੁਸੀਂ ਉਨ੍ਹਾਂ ਦੇ ਖਿਲਾਫ ਕੀ ਕਿਹਾ ਸੀ। ਥਾਪਰ ਨੇ ਕਿਹਾ ਕਿ ਮੇਰਾ ਜਵਾਬ ਸੀ ਕਿ ਮੇਰੇ ਵੱਲੋਂ ਫੇਸਬੁੱਕ ਅਤੇ ਅਖਬਾਰਾਂ ‘ਚ ਦਿੱਤੇ ਬਿਆਨ ਅਜੇ ਵੀ ਰਿਕਾਰਡ ‘ਤੇ ਹਨ। ਜੇ ਮੈਂ ਕੁਝ ਗਲਤ ਕਿਹਾ ਹੈ ਤਾਂ ਮੈਨੂੰ ਦੱਸੋ।
ਜਦੋਂ ਪੱਤਰਕਾਰਾਂ ਨੇ ਥਾਪਰ ਨੂੰ ਪੁੱਛਿਆ ਕਿ ਕੀ ਵੜਿੰਗ ਨੇ ਪਰਿਵਾਰ ਨੂੰ ਕੋਈ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਥਾਪਰ ਨੇ ਜਵਾਬ ਦਿੱਤਾ ਕਿ ਵੜਿੰਗ ਨੇ ਪਰਿਵਾਰ ਨੂੰ ਕੋਈ ਭਰੋਸਾ ਨਹੀਂ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਬੇਸ਼ੱਕ ਸੰਸਦ ਮੈਂਬਰ ਗੋਰਾ ਥਾਪਰ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਘਰ ਪਹੁੰਚੇ ਪਰ ਪਰਿਵਾਰ ਅਜੇ ਵੀ ਸੰਸਦ ਮੈਂਬਰ ਵੜਿੰਗ ਤੋਂ ਨਿਰਾਸ਼ ਹੈ।