ਚੰਡੀਗੜ੍ਹ, 24 ਮਈ 2025 – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਅਬੋਹਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਾਂਗਰਸ ਦੀ ਟਿਕਟ ’ਤੇ ਉਨ੍ਹਾਂ ਵਿਰੁੱਧ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਮੈਂ ਹਾਰ ਗਿਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦੇਵਾਂਗਾ ਤੇ ਜੇ ਉਹ ਹਾਰ ਗਏ ਤਾਂ ਪੰਜਾਬ ਭਾਜਪਾ ਪ੍ਰਧਾਨ ਵਜੋਂ ਅਸਤੀਫ਼ਾ ਦੇ ਦੇਣ।
ਉਨ੍ਹਾਂ ਕਿਹਾ ਕਿ ਨੈਤਿਕ ਤੌਰ ’ਤੇ ਸੰਦੀਪ ਜਾਖੜ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸੁਨੀਲ ਜਾਖੜ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਇਸ ਦੇ ਸੂਬਾ ਪ੍ਰਧਾਨ ਬਣ ਗਏ ਹਨ ਕਿਉਂਕਿ ਸੰਦੀਪ ਨੇ ਕਾਂਗਰਸ ਦੀ ਬਜਾਏ ਆਪਣੇ ਚਾਚੇ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਪਾਕਿਸਤਾਨ ਭੇਜ ਦੇਣ ਬਾਰੇ ਕੀਤੀ ਟਿੱਪਣੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਜਾਖੜ ਨੂੰ ਨਹੀਂ ਸ਼ੋਭਦੀਆਂ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ’ਚ ਬਿਤਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਯਕੀਨੀ ਬਣਾਉਣ ਦਾ ਸੰਕਲਪ ਲਿਆ ਹੈ ਕਿ ਭਾਜਪਾ ਸੰਵਿਧਾਨ ਨਾਲ ਛੇੜਛਾੜ ਜਾਂ ਬਦਲਾਅ ਨਾ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਰਾਦੇ ਚੰਗੇ ਨਹੀਂ ਹਨ ਕਿਉਂਕਿ ਉਹ ਸੰਵਿਧਾਨ ਬਦਲਣ ਲਈ 400 ਤੋਂ ਵੱਧ ਸੀਟਾਂ ਜਿੱਤਣਾ ਚਾਹੁੰਦੀ ਹੈ ਪਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ 240 ਸੀਟਾਂ ਤੱਕ ਸੀਮਤ ਕਰ ਕੇ ਸਬਕ ਸਿਖਾਇਆ ਹੈ। ਹੁਣ ਤਾਂ ਪ੍ਰਧਾਨ ਮੰਤਰੀ ਨੇ ਵੀ ਸੰਵਿਧਾਨ ਅੱਗੇ ਝੁਕਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ’ਚ ਪ੍ਰਚਲਿਤ ਨਸ਼ਿਆਂ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਅਫ਼ੀਮ ਦੀ ਖੇਤੀ ‘ਤੇ ਬਹਿਸ ਦਾ ਸੁਝਾਅ ਦਿੱਤਾ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਿ ਇੰਚਾਰਜ ਰਵਿੰਦਰ ਡਲਵੀ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਆਦਿ ਮੌਜੂਦ ਸਨ।

