ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ: ਬੀਬੀਐਮਬੀ ਨੇ ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹੇ

ਸ਼ਿਮਲਾ, 12 ਅਗਸਤ 2022 – ਹਿਮਾਚਲ ‘ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਇਸ ਦੇ ਖਤਰੇ ਨੂੰ ਭਾਂਪਦਿਆਂ ਭਾਖੜਾ ਡੈਮ ਬੋਰਡ ਮੈਨੇਜਮੈਂਟ (ਬੀਬੀਐਮਬੀ) ਨੇ ਪੰਡੋਹ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੀ.ਬੀ.ਐਮ.ਬੀ ਨੇ ਵੀਰਵਾਰ ਦੁਪਹਿਰ ਤੋਂ ਵਾਟਰ ਫਲੱਸ਼ਿੰਗ ਸ਼ੁਰੂ ਕਰ ਦਿੱਤੀ ਹੈ ਜੋ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਬੀਬੀਐਮਬੀ ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਬਿਆਸ ਦਾ ਪਾਣੀ ਹਿਮਾਚਲ ਤੋਂ ਸਿੱਧਾ ਪੰਜਾਬ ਨੂੰ ਜਾਂਦਾ ਹੈ। ਹਿਮਾਚਲ ਵਿੱਚ ਵਗਦੇ ਸਤਲੁਜ, ਰਾਵੀ, ਪੱਬਰ, ਯਮੁਨਾ, ਚਨਾਬ ਦੇ ਪਾਣੀ ਦਾ ਪੱਧਰ ਵੀ ਅਚਾਨਕ ਵਧ ਗਿਆ ਹੈ।

ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਬਾਅਦ ਇੱਥੇ ਬਿਜਲੀ ਉਤਪਾਦਨ ਵੀ ਬੰਦ ਕਰ ਦਿੱਤਾ ਗਿਆ ਹੈ। ਬਾਰਸ਼ ਤੋਂ ਪਹਿਲਾਂ ਡੈਮ ਦਾ ਪਾਣੀ ਦਾ ਪੱਧਰ 23000 ਕਿਊਸਿਕ ਸੀ ਜੋ ਹੁਣ ਵਧ ਕੇ 55000 ਕਿਊਸਿਕ ਹੋ ਗਿਆ ਹੈ। ਜਿੰਨਾ ਕਿਊਸਿਕ ਪਾਣੀ ਦਾ ਵਹਾਅ ਪਿੱਛੇ ਤੋਂ ਆ ਰਿਹਾ ਹੈ, ਓਨਾ ਹੀ ਕਿਊਸਿਕ ਵਹਾਅ ਵਾਲਾ ਪਾਣੀ ਡੈਮ ਤੋਂ ਅੱਗੇ ਛੱਡਿਆ ਜਾ ਰਿਹਾ ਹੈ।

ਇਸ ਸਮੇਂ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 2923 ਫੁੱਟ ਹੈ, ਜੋ ਖ਼ਤਰੇ ਦੀ ਰੇਖਾ ਤੋਂ ਹੇਠਾਂ ਹੈ। ਬੱਗੀ ਸੁਰੰਗ ਵੀ ਹੌਲੀ-ਹੌਲੀ ਸ਼ਾਮ ਤੱਕ ਬੰਦ ਕਰ ਦਿੱਤੀ ਜਾਵੇਗੀ, ਜਿਸ ਕਾਰਨ ਬੀ.ਬੀ.ਐਮ.ਬੀ ਸਲਾਪਡ ਪਾਵਰ ਹਾਊਸ ਵਿਖੇ ਬਿਜਲੀ ਉਤਪਾਦਨ 24 ਘੰਟੇ ਬੰਦ ਰਹੇਗਾ।

ਬੀਬੀਐਮਬੀ ਦੇ ਐਕਸੀਅਨ ਰਾਜੇਸ਼ ਹਾਂਡਾ ਨੇ ਦੱਸਿਆ ਕਿ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਕੱਲ੍ਹ ਸ਼ਾਮ ਤੱਕ ਜਾਰੀ ਰਹੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਗਵਾੜਾ ‘ਚ ਅੱਜ ਕਿਸਾਨ ਕਰਨਗੇ ਪੂਰਾ ਹਾਈਵੇ ਜਾਮ : ਰੱਖੜੀ ਤੱਕ ਸੀ ਸਿਰਫ 1 ਲੇਨ ਬੰਦ

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ੇ ‘ਚ ਮਿਲੀ ਛੋਟੀ ਬੱਚੀ ਦੀ ਲਾਸ਼, ਕੈਮਰੇ ‘ਚ ਸ਼ੱਕੀ ਔਰਤ ਵੀ ਆਈ ਨਜ਼ਰ