- ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ
ਨਵਾਂਸ਼ਹਿਰ 2 ਸਤੰਬਰ,2025 – ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਪਿੰਡ ਬੇਲਾ ਤਾਜੋਵਾਲ ਅਤੇ ਧੈਂਗੜਪੁਰ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਦੀ ਹੋਰ ਮਜ਼ਬੂਤੀ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮੌਜੂਦਾ ਸਮੇਂ ਦਰਿਆ ‘ਚ ਪਾਣੀ ਦੇ ਵਹਾਅ ਦਾ ਪੱਧਰ 65 ਹਜ਼ਾਰ ਕਿਊਸਿਕ ਦੇ ਨੇੜੇ ਹੈ ਜੋ ਕਿ ਬੀਤੀ ਰਾਤ 1.25 ਲੱਖ ਕਿਊਸਿਕ ਸੀ।
ਦਰਿਆ ਵਿੱਚ ਪਾਣੀ ਦੇ ਪੱਧਰ ਘਟਣ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਪਾਣੀ ਦੇ ਪੱਧਰ ਵਿੱਚ ਹੋਏ ਦੁੱਗਣੇ ਵਾਧੇ ਨਾਲ ਬੇਲਾ ਤਾਜੋਵਾਲ ਅਤੇ ਧੈਂਗੜਪੁਰ ਵਿਖੇ ਬੰਨ੍ਹ ਨੂੰ ਥੋੜਾ ਨੁਕਸਾਨ ਪੁੱਜਾ ਸੀ ਜੋ ਪ੍ਰਸ਼ਾਸਨਿਕ ਟੀਮਾਂ, ਪਿੰਡ ਵਾਸੀਆਂ, ਸਮਾਜਿਕ ਸੰਸਥਾਵਾਂ ਅਤੇ ਸਿਆਸੀ ਨੁਮਾਇੰਦਿਆ ਦੇ ਸਹਿਯੋਗ ਨਾਲ ਠੀਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਿੰਡਾਂ ਦੇ ਵਸਨੀਕ ਲਗਾਤਾਰ ਕੰਮ ਕਰਕੇ ਬੰਨ੍ਹ ਦੀ ਮਜਬੂਤੀ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪਾਣੀ ਦਾ ਪੱਧਰ 45 ਹਜ਼ਾਰ ਕਿਊਸਿਕ ਦਰਜ ਕੀਤਾ ਗਿਆ ਜੋ ਬੀਤੀ ਰਾਤ 1.25 ਲੱਖ ਕਿਊਸਿਕ ਦੇ ਨੇੜੇ ਪਹੁੰਚ ਗਿਆ ਸੀ ਅਤੇ ਮੌਜੂਦਾ ਸਮੇਂ 65 ਹਜ਼ਾਰ ਕਿਊਸਿਕ ਹੋਣ ਨਾਲ ਸਥਿਤੀ ਬਿਲਕੁਲ ਕਾਬੂ ਹੇਠ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਲਾਚੌਰ ਦੇ ਬੇਲਾ ਤਾਜੋਵਾਲ ਅਤੇ ਧੈਂਗੜਪੁਰ ਤੋਂ ਇਲਾਵਾ ਨਵਾਂਸ਼ਹਿਰ ਦੇ ਦਰਿਆਪੁਰ, ਤਲਵੰਡੀ ਸੀਬੂ ਅਤੇ ਬੁਰਜ ਟਹਿਲ ਦਾਸ ਵਿਖੇ ਐਸ.ਡੀ.ਐਮਜ਼ ਦੀ ਅਗਵਾਈ ਹੇਠ ਲਗਾਤਾਰ ਬੋਰੇ ਲਾਉਣ ਅਤੇ ਬੰਨ੍ਹ ਦੀ ਮਜਬੂਤੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਥਾਂ ‘ਤੇ ਹੜ੍ਹ ਦੀ ਸਥਿਤੀ ਦਾ ਖਦਸ਼ਾ ਜਾਹਰ ਹੁੰਦਾ ਹੈ ਤਾਂ ਉਹ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ 24×7 ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01823-220645 ‘ਤੇ ਸੂਚਨਾ ਦੇਣ। ਜਿਕਰਯੋਗ ਹੈ ਕਿ ਨਵਾਂਸ਼ਹਿਰ ਤਹਿਸੀਲ ਲਈ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01823-299016, ਬਲਾਚੌਰ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01885-220075, ਤਹਿਸੀਲ ਬੰਗਾ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01823-264666 ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸੇ ਤਰ੍ਹਾਂ ਹੜ੍ਹਾਂ ਦੀ ਸਥਿਤੀ ਵਿੱਚ ਸਿਹਤ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ 01823-227471 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਬਲਾਚੌਰ ਦੇ ਐਸ.ਡੀ.ਐਮ ਕ੍ਰਿਤਿਕਾ ਗੋਇਲ, ਐਸ.ਡੀ.ਐਮ. ਅਨਮਜਯੋਤ ਕੌਰ ਆਦਿ ਵੀ ਮੌਜੂਦ ਸਨ।

