ਚੰਡੀਗੜ੍ਹ, 10 ਨਵੰਬਰ 2024 – ਪੰਜਾਬ ‘ਚ ਹੁਣ ਹੌਲੀ-ਹੌਲੀ ਠੰਡ ਵੱਧਣ ਲੱਗ ਪਈ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਮੌਸਮ ਕਾਫ਼ੀ ਠੰਡਾ ਹੋਣ ਲੱਗ ਗਿਆ ਹੈ। ਲੋਕਾਂ ਨੇ ਸਵੇਰ ਅਤੇ ਸ਼ਾਮ ਨੂੰ ਸਰਦੀਆਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਮੁਤਾਬਕ 12 ਨਵੰਬਰ ਤੋਂ ਬਾਅਦ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਠੰਡ ਵੱਧ ਜਾਵੇਗੀ। ਦਰਅਸਲ ਪਰਾਲੀ ਸਾੜਨ ਦੇ ਵੱਧਦੇ ਮਾਮਲਿਆਂ ਕਾਰਨ ਸੂਬੇ ‘ਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ।
ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ‘ਚ ਏ. ਕਿਊ. ਆਈ. 174 ਹੈ ਅਤੇ 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਠੰਡ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ। ਇਸ ਸਮੇਂ ਦਿਨ ਦਾ ਤਾਪਮਾਨ 29 ਡਿਗਰੀ ਅਤੇ ਰਾਤ ਦਾ ਤਾਪਮਾਨ 15.5 ਡਿਗਰੀ ਦੇ ਆਸ-ਪਾਸ ਹੈ। 15 ਨਵੰਬਰ ਤੋਂ ਬਾਅਦ ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਹੋ ਸਕਦੀ ਹੈ।
ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਤਾਂ ਪੰਜਾਬ ਦਾ ਘੱਟੋ-ਘੱਟ ਰਾਤ ਦਾ ਤਾਪਮਾਨ 9 ਡਿਗਰੀ ਤੇ ਦਿਨ ਸਮੇਂ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਰਿਕਾਰਡ ਹੋ ਸਕਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਮੁਤਾਬਕ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਠੰਡ ਮਹਿਸੂਸ ਹੋਣ ਲੱਗੇਗੀ। ਮੈਦਾਨੀ ਇਲਕਿਆਂ ਵਿੱਚ ਪੰਜਾਬ ਅਤੇ ਹਰਿਆਣੇ ਵਿੱਚ 15 ਨਵੰਬਰ ਤੋਂ ਬਾਅਦ ਠੰਡ ਪੈਣੀ ਸ਼ੁਰੂ ਹੋ ਜਾਵੇਗੀ। ਬਿਹਾਰ, ਝਾਰਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 15 ਤੋਂ 20 ਨਵੰਬਰ ਦੇ ਵਿਚਕਾਰ ਸਰਦੀ ਦਾ ਅਹਿਸਾਸ ਸ਼ੁਰੂ ਹੋਵੇਗਾ। ਇਨ੍ਹਾਂ ਸੂਬਿਆਂ ਵਿੱਚ ਠੰਡ ਦਾ ਅਸਰ ਭਾਵੇਂ ਦੇਰੀ ਨਾਲ ਵਿਖਾਈ ਦੇਵੇਗਾ, ਫਿਰ ਵੀ ਠੰਡ ਵੱਧਣ ਦੇ ਆਸਾਰ ਹਨ।