- ਕੱਲ੍ਹ ਤੋਂ ਬਦਲੇਗਾ ਮੌਸਮ
- 21 ਤੇ 22 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ, ਠੰਡ ਵਧੇਗੀ
ਚੰਡੀਗੜ੍ਹ, 17 ਫਰਵਰੀ 2024 – ਅੱਜ ਤੋਂ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਸਰਗਰਮ ਰਹੇਗੀ। ਇਸ ਦਾ ਅਸਰ ਐਤਵਾਰ ਤੋਂ ਦਿਖਣਾ ਸ਼ੁਰੂ ਹੋ ਜਾਵੇਗਾ। ਐਤਵਾਰ ਨੂੰ ਸ਼ਹਿਰ ਵਿੱਚ ਹਲਕੀ ਬੱਦਲਵਾਈ ਹੋ ਸਕਦੀ ਹੈ। 20 ਫਰਵਰੀ ਨੂੰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਰਹਿਣਗੇ ਅਤੇ ਇਸ ਤੋਂ ਬਾਅਦ 21 ਅਤੇ 22 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਸ਼ਹਿਰ ਦਾ ਮੌਸਮ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਜਾਵੇਗਾ। 19 ਅਤੇ 20 ਫਰਵਰੀ ਨੂੰ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਇਸ ਦੌਰਾਨ ਕੁਝ ਇਲਾਕਿਆਂ ‘ਚ ਬਾਰਿਸ਼ ਵੀ ਹੋ ਸਕਦੀ ਹੈ।
ਵੈਸਟਰਨ ਡਿਸਟਰਬੈਂਸ ਕਾਰਨ ਬੱਦਲਵਾਈ ਅਤੇ ਮੀਂਹ ਕਾਰਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਸ਼ਹਿਰ ਵਿੱਚ ਚੰਗੀ ਧੁੱਪ ਨਿਕਲੀ। ਜਿਸ ਕਾਰਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਸੀ।
ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਇਸ ਵਾਰ ਫਰਵਰੀ ਦੇ ਪਹਿਲੇ ਚਾਰ ਦਿਨਾਂ ਵਿੱਚ 33.7 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਾਲ 2019 ‘ਚ ਪੂਰੇ ਫਰਵਰੀ ਮਹੀਨੇ ‘ਚ 47.5 ਮਿਲੀਮੀਟਰ ਬਾਰਿਸ਼ ਹੋਈ ਸੀ। 1 ਜਨਵਰੀ ਤੋਂ ਹੁਣ ਤੱਕ ਕੁੱਲ 34.7 ਮਿਲੀਮੀਟਰ ਬਾਰਿਸ਼ ਹੋਈ ਹੈ। ਪਿਛਲੀ 3 ਅਤੇ 4 ਫਰਵਰੀ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 7 ਮਿਲੀਮੀਟਰ ਮੀਂਹ ਪਿਆ ਸੀ।