- ਸਾਰੇ ਜ਼ਿਲ੍ਹਿਆਂ ਦੀਆਂ ਹੋਰਨਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਰਹੇਗੀ ਜਾਰੀ
ਚੰਡੀਗੜ੍ਹ, 3 ਮਈ 2023 – ਕਣਕ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਪ੍ਰਕਿਰਿਆ ਅਤੇ ਮੰਡੀਆਂ ਵਿੱਚ ਕਣਕ ਦੀ ਬੇਲੋੜੀ ਭਰਮਾਰ ਨਾ ਹੋਣ ਦੇਣ ਦੇ ਨਾਲ-ਨਾਲ ਐਫ.ਸੀ.ਆਈ. ਨੂੰ ਕਣਕ ਦੀ ਵੱਧ ਤੋਂ ਵੱਧ ਸਿੱਧੀ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ, ਪੰਜਾਬ ਮੰਡੀ ਬੋਰਡ ਵੱਲੋਂ ਨੋਟੀਫਾਈ ਕੀਤੀਆਂ ਨਿਯਮਤ ਮੰਡੀਆਂ/ਮੰਡੀ ਯਾਰਡਾਂ ਤੋਂ ਇਲਾਵਾ ਸੂਬੇ ਵਿੱਚ ਲਗਭਗ 900 ਆਰਜ਼ੀ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਰਨਾਲਾ, ਫ਼ਰੀਦਕੋਟ, ਫ਼ਤਿਹਗੜ੍ਹ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ, ਰੋਪੜ, ਸੰਗਰੂਰ, ਐਸ.ਏ.ਐਸ.ਨਗਰ, ਮੋਗਾ ਅਤੇ ਜਲੰਧਰ ਜ਼ਿਲਿ੍ਹਆਂ ਦੀਆਂ ਕੁਝ ਆਰਜ਼ੀ ਮੰਡੀਆਂ ਵਿੱਚੋਂ ਕਣਕ ਦੀ ਤਸੱਲੀਬਖਸ਼ ਖਰੀਦ ਮੁਕੰਮਲ ਹੋਣ ਉਪਰੰਤ ਅੱਜ ਤੋਂ 169 ਆਰਜ਼ੀ ਮੰਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਰਨਾਲਾ ਵਿੱਚ 15 ਮੰਡੀਆਂ, ਫ਼ਰੀਦਕੋਟ ਵਿੱਚ 16 ਮੰਡੀਆਂ, ਫ਼ਤਿਹਗੜ੍ਹ ਸਾਹਿਬ ਵਿੱਚ 2 ਮੰਡੀਆਂ, ਫ਼ਿਰੋਜ਼ਪੁਰ ਵਿੱਚ 6 ਮੰਡੀਆਂ, ਲੁਧਿਆਣਾ ਵਿੱਚ 8 ਮੰਡੀਆਂ, ਮਾਨਸਾ ਵਿੱਚ 24, ਪਟਿਆਲਾ ਵਿੱਚ 33, ਰੋਪੜ ਵਿੱਚ 17, ਸੰਗਰੂਰ ਵਿੱਚ 28, ਐਸ.ਏ.ਐਸ. ਨਗਰ ਵਿੱਚ 3, ਮੋਗਾ ਵਿੱਚ 15 ਅਤੇ ਜਲੰਧਰ ਵਿੱਚ 2 ਮੰਡੀਆਂ ਦੇ ਨੇੜਲੇ ਖੇਤਰਾਂ ਵਿੱਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਇਹ ਆਰਜ਼ੀ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲਿ੍ਹਆਂ ਅਤੇ ਹੋਰਨਾਂ ਸਾਰੇ ਜ਼ਿਲਿ੍ਹਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਹੀ ਜਾਰੀ ਰਹੇਗੀ।