ਚੰਡੀਗੜ੍ਹ, 14 ਅਕਤੂਬਰ 2022 – ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਦੇ ਵਿਵਾਦ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੈਠਕ ਖ਼ਤਮ ਹੋ ਗਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਅੱਜ ਦੀ ਤਾਰੀਖ਼ ‘ਚ ਕਹਿਣ ਨੂੰ ਪੰਜ-ਆਬ ਹੈ ਪਰ ਪੰਜਾਬ ਕੋਲ ਪਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਐੱਸ.ਵਾਈ. ਐੱਲ ਨਹੀਂ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਣੀ ਨਹੀਂ ਹੈ ਤਾਂ ਨਹਿਰ ਕਿਉਂ ਬਣਾਈ ਜਾਵੇ ?
ਅਸੀਂ ਕਿਹਾ ਕਿ ਹਰਿਆਣਾ ਨੂੰ ਪਾਣੀ ਦੀ ਘਾਟ ਹੈ ਤਾਂ ਪੰਜਾਬ ਹਰਿਆਣਾ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਚਲੇ ਜਾਂਦੇ ਹਾਂ, ਅਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਹਾਂ ਕਿ ਹਰਿਆਣਾ ਨੂੰ ਪਾਣੀ ਕਿਸੇ ਹੋਰ ਪਾਸੇ ਤੋਂ ਦੇ ਦਿੰਦੇ ਹਾਂ। ਅੱਜ ਸਾਡੇ ਦਰਿਆ-ਨਦੀਆਂ ਨਿਵਾਣ ਗਏ ਹਨ। ਜਦੋਂ ਸਮਝੌਤਾ ਹੋਇਆ ਸੀ ਉਸ ਸਮੇਂ ਪਾਣੀ 18.36 ਸੀ ਪਰ ਹੁਣ 12. 636 ਫੀਸਦੀ ਹੀ ਪਾਣੀ ਹੈ। 27 ਫੀਸਦੀ ਪੰਜਾਬ ਨਦੀਆਂ ਅਤੇ ਨਹਿਰਾਂ ਦਾ ਪਾਣੀ ਵਰਤੋ ਕਰਦਾ ਹੈ ਬਾਕੀ 73 ਫੀਸਦੀ ਪਾਣੀ ਧਰਤੀ ਹੇਠਲਾ ਵਰਤੋ ਕਰਦਾ ਹੈ।
ਮਾਨ ਨੇ ਕਿਹਾ ਕਿ ਅਸੀਂ ਨਹਿਰ ਨਹੀਂ ਬਣਾ ਸਕਦੇ, ਪ੍ਰਧਾਨ ਮੰਤਰੀ ਕੋਲ ਚਲੇ ਜਾਂਦੇ ਹੈ, ਦੂਜੇ ਪਾਸੇ ਅਸੀਂ ਤਾਂ ਰਾਜਸਥਾਨ ਨੂੰ ਵੀ ਪੂਰਾ ਪਾਣੀ ਦੇ ਰਹੇ ਹਾਂ, ਜਿਸ ਕਾਰਨ ਪਾਣੀ ਦੀ ਪਹਿਲਾਂ ਹੀ ਘਾਟ ਹੈ। ਪਾਣੀ ਇਸ ਸਮੇਂ ਪੰਜਾਬ ਲਈ ਬਹੁਤ ਵੱਡੀ ਸਮੱਸਿਆ ਹੈ, ਪੰਜਾਬ ਕੋਲ ਪਾਣੀ ਨਹੀਂ ਹੈ, ਅਸੀਂ SYL ਨਹਿਰ ਦੀ ਉਸਾਰੀ ਦਾ ਸੋਚਾਂਗੇ ਵੀ ਨਹੀਂ।