ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਓਹਾਰ, ਕੀ ਹੈ ਦੁੱਲਾ ਭੱਟੀ ਨਾਲ ਸਬੰਧ ?

ਚੰਡੀਗੜ੍ਹ, 13 ਜਨਵਰੀ 2024 – ਲੋਹੜੀ ਦਾ ਤਿਉਹਾਰ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ ‘ਤਿਲ+ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ‘ਚ ਮਨਾਇਆ ਜਾਂਦਾ ਹੈ।

ਇਸ ਤਿਉਹਾਰ ਵਾਲੇ ਦਿਨ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ ‘ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ :

ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ।

ਇਸ ਤੋਂ ਬਿਨਾ ਲੋਹੜੀ ਦੇ ਗੀਤਾਂ ‘ਚ ਅਕਸਰ ਦੁੱਲੇ ਭੱਟੀ ਦਾ ਜ਼ਿਕਰ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੁੱਲਾ ਭੱਟੀ ਦਾ ਜ਼ਿਕਰ ਇਨ੍ਹਾਂ ਗੀਤਾਂ ‘ਚ ਕਿਉਂ ਹੁੰਦਾ ਹੈ ਅਤੇ ਦੁੱਲਾ ਭੱਟੀ ਦਾ ਲੋਹੜੀ ਨਾਲ ਕੀ ਸਬੰਧ ਹੈ।

ਦੁੱਲਾ ਭੱਟਾ ਪੁਰਾਣੇ ਸਮਿਆਂ ‘ਚ ਇੱਕ ਯੋਧਾ ਹੋਇਆ ਹੈ। ਜੋ ਗਰੀਬ ਅਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ। ਇੱਕ ਵਾਰ ਇੱਕ ਪੰਡਤ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਹੁੰਦੀਆਂ ਹਨ। ਜੋ ਕਿ ਵਿਆਹੁਣ ਯੋਗ ਹੁੰਦੀਆਂ ਹਨ, ਪਰ ਉਸ ਸਮੇਂ ਦਾ ਹਾਕਮ ਜੋ ਵੀ ਕੁੜੀ ਉਸ ਨੂੰ ਪਸੰਦ ਹੁੰਦੀ ਸੀ। ਉਸ ਨੂੰ ਆਪਣੇ ਘਰ ਲੈ ਆਉਂਦਾ ਸੀ। ਪੰਡਤ ਦੀਆਂ ਧੀਆਂ ਜਵਾਨ ਸਨ ਅਤੇ ਉਸ ਨੇ ਧੀਆਂ ਦਾ ਰਿਸ਼ਤਾ ਤੈਅ ਕਰ ਦਿੱਤਾ। ਪਰ ਉਸ ਦੇ ਦਿਲ ‘ਚ ਇਹ ਡਰ ਵੀ ਸੀ ਕਿ ਕਿਤੇ ਹਾਕਮ ਦੀ ਨਜ਼ਰ ਉਸ ਦੀਆਂ ਧੀਆਂ ‘ਤੇ ਨਾ ਪੈ ਜਾਵੇ।

ਜਿਸ ਤੋਂ ਬਾਅਦ ਪੰਡਤ ਆਪਣੀਆਂ ਧੀਆਂ ਨੂੰ ਰਾਤ ਦੇ ਸਮੇਂ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਤਾਂ ਕਿ ਜੰਗਲ ‘ਚ ਉਨ੍ਹਾਂ ਦਾ ਵਿਆਹ ਕਰਕੇ ਸਹੁਰੇ ਘਰ ਤੋਰ ਦਿੱਤਾ ਜਾਵੇ । ਜੰਗਲ ‘ਚ ਜਾਂਦੇ ਸਮੇਂ ਜਦੋਂ ਦੁੱਲਾ ਭੱਟੀ ਨੇ ਇਹ ਨਜ਼ਾਰਾ ਵੇਖਿਆ ਤਾਂ ਪੰਡਤ ਤੋਂ ਸਾਰੀ ਗੱਲ ਪੁੱਛੀ ਤਾਂ ਉਸ ਨੇ ਉਸੇ ਜੰਗਲ ‘ਚ ਸੁੰਦਰੀ ਮੁੰਦਰੀ ਦਾ ਖੁਦ ਕੰਨਿਆ ਦਾਨ ਕਰਕੇ ਉਨ੍ਹਾਂ ਨੂੰ ਸਹੁਰੇ ਘਰ ਤੋਰਿਆ। ਇਸੇ ਲਈ ਲੋਹੜੀ ਦੇ ਤਿਉਹਾਰ ‘ਤੇ ਅਕਸਰ ਬੱਚੇ ਗਾਉਂਦੇ ਹਨ…

ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿੱਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ !…….

ਇਸ ਤਰ੍ਹਾਂ ਲੋਹੜੀ ਦੇ ਤਿਉਹਾਰ ‘ਤੇ ਬੱਚੇ ਲੋਹੜੀ ਵਾਲੇ ਘਰੋਂ ਲੋਹੜੀ ਮੰਗਦੇ ਹਨ ਅਤੇ ਸਾਰੀ ਰਾਤ ਲੋਕ ਗੀਤ ਗਾਏ ਜਾਂਦੇ ਹਨ । ਰਾਤ ਸਮੇਂ ਘਰ ਆਉਣ ਵਾਲੇ ਰਿਸ਼ਤੇਦਾਰਾਂ ਦੋਸਤਾਂ ਅਤੇ ਮਿੱਤਰਾਂ ਨੂੰ ਤਿਲ, ਰਿਉੜੀਆਂ,ਗੱਚਕ ਅਤੇ ਮੂੰਗਫਲੀਆਂ ਵੰਡੀਆਂ ਜਾਂਦੀਆਂ ਹਨ।

ਜੇ ਦੁੱਲੇ ਬਾਰੇ ਗੱਲ ਕਰੀਏ ਤਾਂ ਦੁੱਲੇ ਨੇ ਮੁਗ਼ਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ। ਉਸ ਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ ‘ਤੇ ਪੈਂਦਾ ਸੀ। ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਉ ਫ਼ਰੀਦ ਖ਼ਾਨ ਭੱਟੀ ਵੀ ਨਾਬਰ ਸਨ। ਉਨ੍ਹਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਅਖ਼ੀਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਖੱਲ੍ਹਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ‘ਤੇ ਟੰਗ ਦਿੱਤੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ-ਇੰਗਲੈਂਡ ਟੈਸਟ ਸੀਰੀਜ਼: ਪਹਿਲੇ 2 ਮੈਚਾਂ ਲਈ ਟੀਮ ਇੰਡੀਆ ਦਾ ਐਲਾਨ

ਸੁਖਬੀਰ ਬਾਦਲ ਨੇ ਕਾਉਂਕੇ ਪਰਿਵਾਰ ਨਾਲ ਕੀਤੀ ਮੁਲਾਕਾਤ, ਨਿਆਂ ਹਾਸਲ ਕਰਨ ਵਾਸਤੇ ਪੂਰੀ ਹਮਾਇਤ ਤੇ ਮਦਦ ਦੇਣ ਦਾ ਦੁਆਇਆ ਭਰੋਸਾ