ਸੁਲਤਾਨਪੁਰ ਲੋਧੀ, 3 ਜੁਲਾਈ 2022 – ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਨਾਲ ਸੰਬੰਧਿਤ ਪਿੰਡ ਤਕੀਆਂ ਵਿਖੇ ਇੱਕ ਰੂਹ ਨੂੰ ਝੰਜੋੜ ਦੇਣ ਵਾਲੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਹੀ ਪਰਿਵਾਰ ਦੇ 5 ਜੀਅ ਕਥਿਤ ਤੌਰ ਤੇ ਛਿਪਕਲੀ ਵਾਲੀ ਜ਼ਹਿਰੀਲੀ ਚਾਹ ਪੀਣ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਹਨ।
ਜਿੰਨਾ ਨੂੰ ਇਲਾਜ ਦੇ ਲਈ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਤ ਗੰਭੀਰ ਹੋਣ ਦੇ ਚਲਦਿਆਂ ਜਿਥੋਂ ਉਹਨਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ, ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਛੋਟੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚਿਆਂ ਦੀ ਪਹਿਚਾਣ ਸ਼ਿਵਰਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਕੀਆਂ ਉਮਰ (6) ਸਾਲ ਅਤੇ ਦਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਹੋਈ ਹੈ। ਪੁਲਿਸ ਵੱਲੋਂ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਪਰਿਵਾਰ ਦੇ ਸਮੂਹ ਪੰਜ ਮੈਬਰਾਂ ਵੱਲੋਂ ਘਰੇ ਬਣਾਈ ਗਈ ਚਾਹ ਪੀਤੀ ਗਈ, ਜਿਸ ਨੂੰ ਪੀਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਚਾਹ ‘ਚ ਕੋਈ ਛਿਪਕਲੀ ਡਿੱਗ ਗਈ ਸੀ। ਜਿਸ ਕਾਰਨ ਜ਼ਹਿਰੀਲੀ ਚਾਹ ਸਾਰੇ ਪਰਿਵਾਰ ਨੇ ਪੀ ਲਈ ਅਤੇ ਕੁਝ ਸਮੇਂ ਵਿੱਚ ਹੀ ਸਾਰਾ ਪਰਿਵਾਰ ਬਿਮਾਰ ਹੋ ਗਿਆ।
![](https://thekhabarsaar.com/wp-content/uploads/2022/09/future-maker-3.jpeg)
ਜਿਨ੍ਹਾਂ ਵਿਚੋਂ 2 ਬੱਚਿਆਂ ਸ਼ਿਵਰਾਜ ਅਤੇ ਦਮਨਪ੍ਰੀਤ ਕੌਰ ਦੀ ਮੌਤ ਹੋ ਚੁੱਕੀ ਹੈ, ਜਦ ਕਿ ਪਰਿਵਾਰ ਦੇ 3 ਮੈਂਬਰ ਪਿਤਾ ਗੁਰਪ੍ਰੀਤ ਸਿੰਘ , ਮਾਤਾ ਬਲਜੀਤ ਕੌਰ ਅਤੇ ਛੋਟੀ ਲੜਕੀ ਨਵਰੀਤ ਕੌਰ ਫਿਲਹਾਲ ਜੇਰੇ ਇਲਾਜ ਹਨ।
ਉਧਰ ਪੁਲਿਸ ਵੱਲੋਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ‘ਚ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਉਸ ਦੀ ਬਾਂਹ ਫੜ ਕੇ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ।
![](https://thekhabarsaar.com/wp-content/uploads/2020/12/future-maker-3.jpeg)