ਮੋਗਾ, 29 ਮਈ 2022 – ਕਸਬਾ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ‘ਚ ਵੀਰਵਾਰ ਨੂੰ ਚਿੱਟੇ (ਹੈਰੋਇਨ) ਦਾ ਟੀਕਾ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ 18 ਸਾਲਾ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ। ਉਹ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਪੁਲੀਸ ਨੇ ਇਸ ਮਾਮਲੇ ‘ਚ ਗੁਰਪ੍ਰਤਾਪ ਦੇ 10 ਸਾਥੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਮੁਲਜ਼ਮ ਨੌਜਵਾਨ ਨੂੰ ਨਸ਼ਾ ਕਰਨ ਲਈ ਆਪਣੇ ਨਾਲ ਲੈ ਜਾਂਦੇ ਸੀ ਅਤੇ ਉਸ ਨੂੰ ਨਸ਼ੇ ਵੀ ਸਪਲਾਈ ਕਰਦੇ ਸੀ। ਪੁਲੀਸ ਸਾਰੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਥਾਣਾ ਧਰਮਕੋਟ ਦੇ ਸਹਾਇਕ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਵੀਰ ਕੌਰ ਪਤਨੀ ਸਵਰਗੀ ਸਰਦਾਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਲੜਕਾ ਗੁਰਪ੍ਰਤਾਪ ਚਿੱਟਾ ਪੀਣ ਦਾ ਆਦੀ ਸੀ। 26 ਮਈ ਨੂੰ ਸਵੇਰੇ 5 ਵਜੇ ਜਦੋਂ ਉਹ ਚਾਹ ਲੈ ਕੇ ਆਪਣੇ ਲੜਕੇ ਦੇ ਕਮਰੇ ਵਿਚ ਗਈ ਤਾਂ ਉਹ ਮਰਿਆ ਹੋਇਆ ਪਿਆ ਸੀ। ਉਸਦੇ ਹੱਥ ਵਿੱਚ ਇੱਕ ਸਰਿੰਜ ਸੀ।
ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਸਾਰਿਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰਤਾਪ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਂ ਬਲਵੀਰ ਕੌਰ ਆਪਣੇ ਪੁੱਤਰ ਨੂੰ ਕਾਬਲ ਬਣਾਉਣਾ ਚਾਹੁੰਦੀ ਸੀ ਪਰ ਗੁਰਪ੍ਰਤਾਪ ਨੂੰ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ। ਉਹ ਹਰ ਰੋਜ਼ ਸਕੂਲ ਤੋਂ ਭੱਜ ਕੇ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ ਅਤੇ ਨਸ਼ਾ ਕਰਦਾ ਸੀ। ਉਸਨੇ ਸੱਤਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਬਲਬੀਰ ਕੌਰ ਆਪਣੇ ਬੇਟੇ ਨੂੰ ਗਲਤ ਸੰਗਤ ਵਿੱਚ ਪੈਂਦਾ ਦੇਖ ਕੇ ਮਲੇਸ਼ੀਆ ਲੈ ਕੇ ਚਲੀ ਗਈ। ਉਥੇ ਗੁਰਪ੍ਰਤਾਪ ਦਾ ਮਨ ਨਹੀਂ ਲੱਗਾ। 20 ਦਿਨਾਂ ਬਾਅਦ ਉਹ ਜ਼ਿੱਦ ਕਰਕੇ ਆਪਣੀ ਮਾਂ ਨਾਲ ਪਿੰਡ ਪਰਤ ਆਇਆ। ਇੱਥੇ ਨਸ਼ੇ ਨੇ ਉਸ ਦੀ ਜਾਨ ਲੈ ਲਈ।