ਅੰਮ੍ਰਿਤਸਰ, 26 ਅਗਸਤ 2025 – ਅੰਮ੍ਰਿਤਸਰ ਚ ਇੱਕ ਔਰਤ ਰਜਨੀ ਨੇ ਆਪਣੇ ਪ੍ਰੇਮੀ ਸੋਨੂ ਸ਼ਰਮਾ ਨਾਲ ਮਿਲ ਕੇ ਆਪਣੇ ਪਤੀ ਮਨੀ ਸ਼ਰਮਾ ਦਾ ਕਤਲ ਕਰ ਦਿੱਤਾ। ਇਹ ਮਾਮਲਾ ਥਾਣਾ ਗੇਟ ਹਕੀਮਾਂ ਦੇ ਭਗਤਾਂ ਵਾਲਾ ਇਲਾਕੇ ਦਾ ਹੈ। ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਭਾਬੀ ਨੇ ਪਰਿਵਾਰ ਨੂੰ ਗੁਮਰਾਹ ਕਰਦੇ ਕਿਹਾ ਕਿ ਪਤੀ ਆਪਣੇ ਦੋਸਤਾਂ ਨਾਲ ਗਿਆ ਹੈ ਅਤੇ ਵਾਪਸ ਆ ਜਾਵੇਗਾ। ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੇ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਲਿਆਂਦੀ।
ਕਈ ਦਿਨਾਂ ਦੀ ਭਾਲ ਤੋਂ ਬਾਅਦ ਮਨੀ ਸ਼ਰਮਾ ਦੀ ਲਾਸ਼ ਖਾਲੜਾ ਨੇੜੇ ਪਾਕਿਸਤਾਨ ਬਾਰਡਰ ਕੋਲੋਂ ਬਹੁਤ ਬੁਰੀ ਹਾਲਤ ‘ਚ ਮਿਲੀ। ਪੁੱਛਗਿੱਛ ਦੌਰਾਨ ਪਤਨੀ ਰਜਨੀ ਨੇ ਮੰਨ ਲਿਆ ਕਿ ਉਸਨੇ ਆਪਣੇ ਪ੍ਰੇਮੀ ਸੋਨੂ ਨਾਲ ਮਿਲ ਕੇ ਪਤੀ ਦਾ ਗਲ ਘੁੱਟ ਕੇ ਕਤਲ ਕੀਤਾ ਹੈ। ਸੋਨੂ ਸ਼ਰਮਾ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲਾ ਫੋਟੋਗ੍ਰਾਫਰ ਹੈ।
ਮ੍ਰਿਤਕ ਦੇ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਛੇ ਫੁੱਟ ਦੇ ਨੌਜਵਾਨ ਨੂੰ ਕੇਵਲ ਦੋ ਲੋਕ ਇਕੱਲੇ ਨਹੀਂ ਮਾਰ ਸਕਦੇ, ਇਸ ਕਾਂਡ ‘ਚ ਹੋਰ ਲੋਕ ਵੀ ਸ਼ਾਮਲ ਹੋਣ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਪੂਰਾ ਇਨਸਾਫ਼ ਮੰਗਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਗੁਹਾਰ ਲਗਾਈ।

ਇਸ ਮਾਮਲੇ ਬਾਰੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਨੀ ਸ਼ਰਮਾ ਦਾ ਵਿਆਹ 2016 ‘ਚ ਰਜਨੀ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਜੋ ਇਸ ਵੇਲੇ ਦਾਦੀ ਕੋਲ ਰਹਿੰਦੇ ਹਨ। ਰਜਨੀ ਅਤੇ ਸੋਨੂ ਸ਼ਰਮਾ ਨੇ ਮਨੀ ਦਾ ਗਲ ਘੁੱਟ ਕੇ ਕਤਲ ਕੀਤਾ ਅਤੇ ਉਸਦੀ ਲਾਸ਼ ਬੋੜੂ ਵਾਲੀ ਨਹਿਰ ਵਿੱਚ ਸੁੱਟ ਦਿੱਤੀ। ਲਾਸ਼ ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ‘ਚੋਂ ਬਰਾਮਦ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
