ਮੋਹਾਲੀ, 2 ਜੁਲਾਈ 2022 – ਮੋਹਾਲੀ ਦੇ ਡੇਰਾਬੱਸੀ ‘ਚ ਪਤਨੀ ਨੇ ਹੀ ਪਤੀ ਦਾ ਕਤਲ ਕਰ ਦਿੱਤਾ। ਔਰਤ ਨੇ ਆਪਣੇ ਪ੍ਰੇਮੀ ਦਾ ਸਹਾਰਾ ਲੈ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਨੇ 49 ਸਾਲਾ ਸਹਿਦੇਵ ਦੀ ਹੱਤਿਆ ਕਰ ਦਿੱਤੀ। ਪਰ ਮ੍ਰਿਤਕ ਦੀ ਜੇਬ ‘ਚੋਂ ਮਿਲੀ ਪਰਚੀ ਤੋਂ ਘਟਨਾ ਦਾ ਖੁਲਾਸਾ ਹੋਇਆ ਅਤੇ ਪੁਲਸ ਮੁਲਜ਼ਮ ਪਤਨੀ ਅਤੇ ਉਸ ਦੇ ਪ੍ਰੇਮੀ ਤੱਕ ਪਹੁੰਚ ਗਈ।
29 ਜੂਨ ਨੂੰ ਡੇਰਾਬੱਸੀ ਵਿੱਚ ਰੇਲਵੇ ਲਾਈਨ ਨੇੜਿਓਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਮੁਢਲੀ ਜਾਂਚ ਵਿੱਚ ਜੀਆਰਪੀ ਪਟਿਆਲਾ ਨੇ ਕਤਲ ਦੇ ਕੋਣ ਦੀ ਜਾਂਚ ਕਰਕੇ 24 ਘੰਟਿਆਂ ਵਿੱਚ ਇਸ ਨੂੰ ਸੁਲਝਾ ਲਿਆ। ਰੇਲਵੇ ਪੁਲਿਸ ਨੇ ਉਕਤ ਵਿਅਕਤੀ ਦੀ ਪਹਿਚਾਣ ਕਰਨ ਤੋਂ ਬਾਅਦ ਉਸਦੀ ਪਤਨੀ ਅਤੇ ਪ੍ਰੇਮੀ ਨੂੰ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਰੇਲਵੇ ਪੁਲਸ ਨੂੰ ਮ੍ਰਿਤਕ ਦੀ ਜੇਬ ‘ਚੋਂ ਇਕ ਪਰਚੀ ਮਿਲੀ ਸੀ, ਜਿਸ ਰਾਹੀਂ ਜੀਆਰਪੀ ਕਤਲ ਦੇ ਦੋਸ਼ੀਆਂ ਤੱਕ ਪਹੁੰਚੀ ਸੀ।
ਏਡੀਜੀਪੀ ਰੇਲਵੇ ਐਮਐਫ ਫਾਰੂਕੀ ਨੇ ਦੱਸਿਆ ਕਿ 29 ਜੂਨ ਨੂੰ ਡੇਰਾਬੱਸੀ ਵਿੱਚ ਰੇਲਵੇ ਲਾਈਨ ਨੇੜੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਜੀਆਰਪੀ ਦੀ ਜਾਂਚ ‘ਚ ਮ੍ਰਿਤਕ ਦੇ ਸਰੀਰ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ ਹਨ। ਕਤਲ ਦੇ ਆਧਾਰ ’ਤੇ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ 302, 201, 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਪਰਚੀ ਬਰਾਮਦ ਹੋਈ ਸੀ ਅਤੇ ਜੀਆਰਪੀ ਦੀ ਜਾਂਚ ਟੀਮ ਨੇ ਪਰਚੀ ਦੇ ਆਧਾਰ ’ਤੇ ਫੈਕਟਰੀ ਵਿੱਚ ਪਹੁੰਚ ਕੇ ਮ੍ਰਿਤਕ ਦੀ ਫੋਟੋ ਸਟਾਫ਼ ਨੂੰ ਦਿਖਾਈ। ਕੁਝ ਲੋਕਾਂ ਨੇ ਮ੍ਰਿਤਕ ਦੀ ਪਛਾਣ ਸਹਿਦੇਵ ਵਾਸੀ ਚਾਂਦਪੁਰ ਜ਼ਿਲ੍ਹਾ ਬਿਜਨੌਰ ਯੂਪੀ ਵਜੋਂ ਕੀਤੀ ਹੈ ਅਤੇ ਇਹ ਵੀ ਦੱਸਿਆ ਕਿ 49 ਸਾਲਾ ਸਹਿਦੇਵ ਇਸ ਸਮੇਂ ਜੀਪੀ ਕੰਪਲੈਕਸ ਪਿੰਡ ਸੈਦਪੁਰ ਡੇਰਾਬੱਸੀ ਵਿੱਚ ਆਪਣੀ ਪਤਨੀ ਨਾਲ ਕਿਰਾਏ ’ਤੇ ਰਹਿ ਰਿਹਾ ਸੀ।
ਜੀਆਰਪੀ ਦੀ ਟੀਮ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਮਮਤਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਪਤੀ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਹਰਪ੍ਰੀਤ ਸਿੰਘ ਉਮਰ 22 ਸਾਲਾ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ ਅਤੇ ਸਹਿਦੇਵ ਉਸ ਤੋਂ ਉਮਰ ਵਿਚ ਕਾਫੀ ਵੱਡਾ ਸੀ ਅਤੇ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ। ਉਸ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਪੁਲਸ ਨੇ ਮਮਤਾ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪ੍ਰੇਮੀ ਨੇ ਪਾਰਟੀ ਦੇ ਬਹਾਨੇ ਸਹਿਦੇਵ ਨੂੰ ਸ਼ਰਾਬ ਪਿਲਾਈ ਅਤੇ ਫਿਰ ਰੇਲਵੇ ਲਾਈਨ ਨੇੜੇ ਲੈ ਗਏ। ਜਿੱਥੇ ਦੋਹਾਂ ਨੇ ਸਹਿਦੇਵ ਦੇ ਸਿਰ ਅਤੇ ਸਰੀਰ ‘ਤੇ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ। ਮਮਤਾ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਵੀ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਸੀ। ਇਸ ਕੰਮ ਲਈ ਦੋਵਾਂ ਮੁਲਜ਼ਮਾਂ ਨੇ ਸਹਿਦੇਵ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ ਸੀ। ਪੁਲੀਸ ਨੇ ਮ੍ਰਿਤਕ ਸਹਿਦੇਵ ਦੀ ਪਤਨੀ ਮਮਤਾ ਦੇਵੀ ਅਤੇ ਉਸ ਦੇ ਪ੍ਰੇਮੀ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।