ਚੰਡੀਗੜ੍ਹ, 26 ਮਈ 2022 – ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ: ਬਲਬੀਰ ਸਿੰਘ ਦੀ ਵਿਧਾਇਕ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਉਸ ਨੂੰ ਰੋਪੜ ਦੀ ਅਦਾਲਤ ਨੇ ਝਗੜੇ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਹੈ। ਦੋ ਸਾਲ ਤੋਂ ਵੱਧ ਦੀ ਕੈਦ ਕਾਰਨ ਉਹ ਵਿਧਾਇਕ ਬਣੇ ਰਹਿਣ ਦੇ ਯੋਗ ਨਹੀਂ ਰਹਿਣਗੇ। ਵਿਧਾਇਕ ਨੇ ਅਜੇ ਤੱਕ ਸੈਸ਼ਨ ਕੋਰਟ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕੀਤੀ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਲਈ ਜਾ ਰਹੀ ਹੈ। ਜੇਕਰ ਉਹ ਸਜ਼ਾ ਵਿਰੁੱਧ ਅਪੀਲ ਨਹੀਂ ਕਰਦਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਡਾ ਬਲਬੀਰ ਨੂੰ ਵੀ ਆਮ ਆਦਮੀ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ।
2011 ਵਿੱਚ ਡਾਕਟਰ ਬਲਬੀਰ ਸਿੰਘ ਖ਼ਿਲਾਫ਼ ਝਗੜੇ ਦਾ ਕੇਸ ਦਰਜ ਹੋਇਆ ਸੀ। ਉਸਦੀ ਸਾਲੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਿਸ ‘ਚ ਉਸ ‘ਤੇ ਹਮਲੇ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਦੇ ਨਾਲ ਉਸ ਦੀ ਪਤਨੀ ਅਤੇ ਪੁੱਤਰ ਵੀ ਜੇਲ੍ਹ ਵਿੱਚ ਬੰਦ ਸਨ। ਇਸ ਵਾਰ ਉਨ੍ਹਾਂ ਨੇ ਪਟਿਆਲਾ ਦਿਹਾਤੀ ਸੀਟ ਤੋਂ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਹਰਾਇਆ ਹੈ।
ਡਾ: ਬਲਬੀਰ ਸਿੰਘ ਨੇ ਇਸ ਮਾਮਲੇ ਵਿਚ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਿਆਸੀ ਰੰਜਿਸ਼ ਕਾਰਨ ਉਸ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਉਹ ਅਤੇ ਉਸਦਾ ਪਰਿਵਾਰ ਬੇਕਸੂਰ ਹਨ। ਸਾਨੂੰ ਉੱਚ ਅਦਾਲਤ ਤੋਂ ਨਿਆਂ ਜ਼ਰੂਰ ਮਿਲੇਗਾ। ਇਸ ਦੇ ਖਿਲਾਫ ਉਹ ਸੈਸ਼ਨ ਕੋਰਟ ਜਾਣਗੇ।