ਚੰਡੀਗੜ੍ਹ, 20 ਮਈ 2022 – 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹੋਣ ਪਰ ਕਾਂਗਰਸ ਨੇ ਵੀ ਇਸ ਫੈਸਲੇ ਤੋਂ ਰਾਹਤ ਮਹਿਸੂਸ ਕੀਤੀ ਹੈ। ਚੋਣਾਂ ਤੋਂ ਪਹਿਲਾਂ ਅਤੇ ਹੁਣ ਵੀ ਚੋਣਾਂ ਤੋਂ ਬਾਅਦ ਸਿੱਧੂ ਪਾਰਟੀ ਦੀ ਮਰਜ਼ੀ ਤੋਂ ਬਿਨਾਂ ਪੰਜਾਬ ਵਿੱਚ ਆਪਣੇ ਪੱਧਰ ’ਤੇ ਸਰਗਰਮ ਨਜ਼ਰ ਆ ਰਹੇ ਸਨ। ਸਿੱਧੂ ਦੀ ਇਹ ਆਪ ਮੁਹਾਰੇ ਵਾਲੀ ਸਰਗਰਮੀ ਕਾਂਗਰਸ ਨੂੰ ਭਾਅ ਨਹੀਂ ਰਹੀ ਸੀ, ਪਰ ਬੋਲ ਵੀ ਨਹੀਂ ਰਹੀ ਸੀ। ਅਜਿਹੇ ਵਿੱਚ ਸੁਪਰੀਮ ਕੋਰਟ ਵੱਲੋਂ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਪਰ ਹੁਣ ਸਵਾਲ ਇਹ ਹੈ ਕੇ ਸਿੱਧੂ ਨੂੰ ਸਜ਼ਾ ਮਿਲਣ ਤੋਂ ਬਾਅਦ ਕੀ ਹੁਣ ਕਾਂਗਰਸ ਲਈ ਸਿੱਧੂ ‘ਤੇ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ ?
ਪਹਿਲਾਂ ਕੈਪਟਨ, ਫਿਰ ਚੰਨੀ ਅਤੇ ਹੁਣ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਸਿੱਧੂ ਦੀਆਂ ਕਾਰਵਾਈਆਂ ਆਪ ਮੁਹਾਰੇ ਵਾਲੀਆਂ ਰਹੀਆਂ ਸਨ। ਉਹ ਪਾਰਟੀ ਦੇ ਕਿਸੇ ਵੀ ਲੀਡਰ ਨਾਲ ਮਿਲ ਕੇ ਨਹੀਂ ਚਲੇ ਸਨ। ਇਥੋਂ ਤੱਕ ਕੇ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਮੌਕੇ ਸਿੱਧੂ ਨੇ ਸਟੇਜ ਸਾਂਝੀ ਨਹੀਂ ਕੀਤੀ ਸੀ। ਭਾਵੇ ਸਿੱਧੂ ਇਸ ਮੌਕੇ ਕਾਂਗਰਸ ਭਵਨ ਪਹੁੰਚੇ ਸਨ ਪਰ ਉਹ ਵੜਿੰਗ ਨੂੰ ਵਧਾਈ ਦੇਣ ਤੋਂ ਬਾਅਦ ਹੀ ਰਵਾਨਾ ਹੋ ਗਏ।
ਵੜਿੰਗ ਨੇ ਇਸ ਦੀ ਸ਼ਿਕਾਇਤ ਸੂਬਾ ਇੰਚਾਰਜ ਹਰੀਸ਼ ਚੌਧਰੀ ਨੂੰ ਕੀਤੀ ਸੀ। ਹਰੀਸ਼ ਚੌਧਰੀ ਨੇ ਇਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਲਈ ਕਿਹਾ ਹੈ। ਇਸ ‘ਤੇ ਸੋਨੀਆ ਗਾਂਧੀ ਨੇ ਇਹ ਸ਼ਿਕਾਇਤ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੂੰ ਭੇਜ ਦਿੱਤੀ ਸੀ। ਪਾ ਅਜੇ ਤਕ ਇਸ ‘ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸੀ।
ਅਨੁਸ਼ਾਸਨੀ ਕਮੇਟੀ ਨੇ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਤਿਆਰੀ ਵੀ ਕਰ ਲਈ ਸੀ, ਪਰ ਪਾਰਟੀ ਨੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਦੇ ਹੋਏ ਉਨ੍ਹਾਂ ਨੂੰ ਨੋਟਿਸ ਜਾਰੀ ਨਹੀਂ ਕੀਤਾ। ਕਿਤੇ ਨਾ ਕਿਤੇ ਪਾਰਟੀ ਇਹ ਵੀ ਦੇਖ ਰਹੀ ਸੀ ਕਿ ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇ। ਸੂਤਰ ਦੱਸਦੇ ਹਨ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਾਰਟੀ ਕੋਲ ਸਿੱਧੂ ਦੇ ਜੇਲ ਜਾਣ ‘ਤੇ ਬਰਖਾਸਤ ਕਰਨ ਦਾ ਪੂਰਾ ਮੌਕਾ ਹੋਵੇਗਾ।