- ਪੰਜਾਬ ਦੇ ਅਮਨ ਸ਼ਾਤੀ ਤੇ ਭਾਈਚਾਰੇ ਲਈ ਆਖਰੀ ਸਾਹ ਤੱਕ ਲੜਾਗੇ :-ਅਸ਼ਵਨੀ ਸ਼ਰਮਾ
- ਪੰਜਾਬ ਦੀ ਢਹਿ-ਢੇਰੀ ਹੋ ਰਹੀ ਕਾਨੂੰਨ- ਵਿਵਸਥਾ ਤੇ ਮਾੜੇ ਵਿੱਤੀ ਹਾਲਾਤ ਲਈ ਭਗਵੰਤ ਮਾਨ ਜਿੰਮੇਵਾਰ:-ਅਸ਼ਵਨੀ ਸ਼ਰਮਾ
ਚੰਡੀਗੜ੍ਹ, 9 ਮਾਰਚ 2023 – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ 11 ਮਹੀਨਿਆਂ ਦੇ ਰਾਜ ਦੌਰਾਨ ਪੰਜਾਬ ਵਿੱਚ ਕਾਨੂੰਨ-ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ,ਸਰਕਾਰ ਪੰਜਾਬ ਦਾ ਮਹੋਲ ਖਰਾਬ ਕਰਨ ਵਾਲਿਆਂ ਨੂੰ ਖੁੱਲੀ ਛੂਟ ਦੇ ਕੇ ,ਦੇਸ਼ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਦੇ ਮਨਸੂਬਿਆਂ ਨੂੰ ਭਾਜਪਾ ਸ਼ਫਲ ਨਹੀ ਹੋਣ ਦੇਵਾਗੇ,ਅਸੀਂ ਪੰਜਾਬੀਆ ਦੇ ਹਿੱਤਾ ਦੀ ਰਾਖੀ ਕਰਨ ਲਈ ਸ਼ੜਕਾਂ ਤੇ ਉੱਤਰੇ ਹਾਂ,ਭਾਜਪਾ ਆਪਣਾ ਫ਼ਰਜ਼ ਅਦਾ ਕਰ ਰਹੀ ਹੈ ।
ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਤੋਂ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਪਹਿਲਾ ਪਾਰਟੀ ਵਰਕਰਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕੀਤਾ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਲੈ ਕੇ ਲਗਾਤਾਰ ਕੋਰਾ ਝੂਠ ਬੋਲ ਰਹੇ ਹਨ। ਜਦੋਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ 11 ਮਹੀਨਿਆਂ ਵਿੱਚ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਹਨ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਦੇਸ਼ ਵਿਰੋਧੀ ਤਾਕਤਾ ,ਵੱਖਵਾਦੀਆਂ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਵਾਲਿਆਂ ਦੀਆਂ ਕਾਰਵਾਈਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਹ ਵੱਖਵਾਦੀ ਤਾਕਤਾਂ ਦੇਸ਼ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਲਗਾਤਾਰ ਪ੍ਰਚਾਰ-ਪ੍ਰਸਾਰ ਕਰ ਰਹੀਆ ਹਨ ਪਰ ਸਰਕਾਰ ਇਹਨਾਂ ਤਾਕਤਾ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ ।ੳਹਨਾ ਕਿਹਾ ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੀਆਂ ਕਤਲਾਂ, ਫਿਰੌਤੀ ਮੰਗਣ ਅਤੇ ਨਾ ਦੇਣ ਬਦਲੇ ਕਤਲ ਦੀਆਂ ਘਟਨਾਵਾਂ, ਪੁਲਿਸ ਦੀ ਨੱਕ ਹੇਠ ਡਕੈਤੀਆਂ, ਆਦਿ ਕਾਰਨ ਪੰਜਾਬ ਦੇ ਲੋਕ ਡਰੇ ਹੋਏ ਹਨ।
ਉਹਨਾ ਕਿਹਾ ਕਿ ਜਿਸ ਤਰਾਂ ਅਜਨਾਲੇ ਥਾਣੇ ਤੇ ਕਬਜਾ ਕਰਕੇ ਪੁਲਿਸ ਤੇ ਹਮਲਾ ਕੀਤਾ ਗਿਆ ਅੱਤਵਾਦ ਦੇ ਦੌਰ ਵਿੱਚ ਵੀ ਅਜਿਹਾ ਕਦੇ ਨਹੀਂ ਸੀ ਹੋਇਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈ ਇੰਨੀ ਕਮਜ਼ੋਰ ਸਰਕਾਰ ਕਦੇ ਨਹੀਂ ਦੇਖੀ, ਜਿਸ ਨੇ ਬਹਾਦਰ ਪੁਲਿਸ ਦਾ ਮਨੋਬਲ ਤੋੜ ਦਿੱਤਾ ਹੈ । ਇਸ ਲਈ ਜੇਕਰ ਕੋਈ ਦੋਸ਼ੀ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਹਨ, ਕਿਉਂਕਿ ਉਨ੍ਹਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਹੈ। ਪੰਜਾਬ ਸਰਕਾਰ ਨੇ ਹਿੰਸਾ ਕਰਨ ਵਾਲਿਆਂ ਅੱਗੇ ਗੋਡੇ ਟੇਕ ਦਿੱਤੇ ਅਤੇ ਗ੍ਰਿਫਤਾਰ ਦੋਸ਼ੀਆਂ ਦੀ ਜ਼ਮਾਨਤ ਦਾ ਸਮਰਥਨ ਕੀਤਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਦੋਸ਼ੀ ਨਹੀਂ ਸੀ ਤਾਂ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਜੇਕਰ ਉਹ ਦੋਸ਼ੀ ਸੀ ਤਾਂ ਦਬਾਅ ਹੇਠ ਜ਼ਮਾਨਤ ਕਿਉਂ ਦਿੱਤੀ ਗਈ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡੀ.ਜੀ.ਪੀ ਨੇ ਖੁਦ ਮੀਡੀਆ ਨੂੰ ਦੱਸਿਆ ਕਿ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਥਾਣੇ ‘ਤੇ ਕਬਜ਼ਾ ਕੀਤਾ ਅਤੇ ਪੁਲਸ ਦੀ ਕੁੱਟਮਾਰ ਕੀਤੀ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ? ਡੀਜੀਪੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਡੀਜੀਪੀ ਨੂੰ ਆਧਾਰ ਬਣਾ ਕੇ ਧਮਕੀ ਦਿੱਤੀ ਗਈ ਕਿ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਦਿਖਾਉ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਭ ਕੁਝ ਮੁੜ ਦੁਹਰਾਇਆ ਜਾਵੇਗਾ। ਪੰਜਾਬ ਸਰਕਾਰ ਅਜਿਹੇ ਲੋਕਾਂ ਅੱਗੇ ਗੋਡੇ ਏਕ ਚੁੱਕੀ ਹੈ। ਪੰਜਾਬੀਆਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਸਰਕਾਰ ਪੰਜਾਬ ਨੂੰ 1984 ਦੇ ਕਾਲੇ ਅੱਤਵਾਦ ਦੇ ਦੌਰ ਵਿੱਚ ਵਾਪਸ ਲਿਜਾ ਰਹੀ ਹੈ।ਉਹਨਾ ਕਿਹਾ ਕਿ ਜਿਸ ਤਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਹਿੰਗ ਬਾਣੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਇਹ ਬਹੁਤ ਨਿੰਦਣਯੋਗ ਹੈ,ਪੰਜਾਬ ਭਾਜਪਾ ਇਸ ਦੀ ਪੁਰਜੋਰ ਨਿੰਦਾ ਕਰਦੀ ਹੋਈ ਦੋਸ਼ੀਆ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹੈ।ਉਹਨਾ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੈ।
ਪੰਜਾਬ ਦੀਆਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ, ਉੱਥੇ ਵੀ ਗੈਂਗ ਵਾਰ ਹੋ ਰਹੀ ਹੈ ਅਤੇ ਗੈੰਗਸਟਰ ਇੱਕ ਦੂਜੇ ਨੂੰ ਮਾਰ ਰਹੇ ਹਨ। ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ ਅਤੇ ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬੰਸਰੀ ਵਜਾਉਂਦੇ ਨਜ਼ਰ ਆ ਰਹੇ ਹਨ। ਸੂਬੇ ਦੇ ਅਜਿਹੇ ਮਾਹੌਲ ਵਿੱਚ ਕੋਈ ਵੀ ਬਾਹਰੀ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਕਰਨ ਦੀ ਹਿੰਮਤ ਨਹੀਂ ਕਰੇਗਾ। ਕਿਉਂਕਿ ਨਿਵੇਸ਼ਕ ਹਮੇਸ਼ਾ ਆਪਣੇ ਪੈਸੇ ਅਤੇ ਕਾਰੋਬਾਰ ਦੀ ਸੁਰੱਖਿਆ ਅਤੇ ਸ਼ਾਂਤੀ ਚਾਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਪਲ ਪਲ ਦੀ ਖਬਰ ਹੋਣ ਅਤੇ ਸੂਬੇ ਦੇ ਹਾਲਾਤ ਠੀਕ ਹੋਣ ਬਾਰੇ ਸਿਰਫ ਟਵੀਟ ਕਰਕੇ ਆਪਣਾ ਪੱਲਾ ਝਾੜ ਰਹੇ ਹਨ, ਜਦੋਂ ਕਿ ਸੂਬੇ ਦੇ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਵਿਰੋਧੀ ਧਿਰ ਵਜੋਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਭਾਜਪਾ ਵੱਲੋਂ ਸਿਆਸਤ ਤੋਂ ਉੱਪਰ ਉੱਠ ਕੇ ਮੁਖਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਪੱਤਰ ਵੀ ਲਿਖਿਆ ਗਿਆ ਸੀ ।ਪੱਤਰ ਵਿੱਚ ਪੰਜਾਬ ਵਿੱਚ 11 ਮਹੀਨਿਆਂ ਵਿੱਚ ਹੋਏ ਪੰਜਾਬ ਵਿੱਚ ਹੋਏ ਸਾਰੇ ਘਟਨਾਕ੍ਰਮ ਬਾਰੇ ਜ਼ਿਕਰ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੀ ਅੰਨ੍ਹੀ-ਬੋਲੀ ਅਤੇ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਅਤੇ ਉਸਨੂੰ ਗੂੜ੍ਹੀ ਨੀਂਦ ‘ਤੋਂ ਜਗਾਉਣ ਲਈ ਅੱਜ ਬੀ.ਜੇ.ਪੀ. ਹੈੱਡਕੁਆਰਟਰ ਤੋਂ ਪੰਜਾਬ ਵਿਧਾਨ ਸਭਾ ਵੱਲ ਕੂਚ ਕਰ ਰਹੀ ਹੈ । ਪੰਜਾਬ ਸਰਕਾਰ ਵੱਲੋਂ ਮੀਡੀਆ ‘ਤੇ ਕੀਤੇ ਜਾ ਰਹੇ ਅੱਤਿਆਚਾਰ ‘ਤੇ ਸਵਾਲ ਚੁੱਕਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਅਜਿਹਾ ਕਦੇ ਨਹੀਂ ਹੋਇਆ। ਪੰਜਾਬ ਸਰਕਾਰ ਸਿਆਸੀ ਲੋਕਾਂ ਅਤੇ ਜਨਤਾ ਦੇ ਨਾਲ-ਨਾਲ ਜਨਤਾ ਦੀ ਆਵਾਜ਼ ਕਹੇ ਜਾਣ ਵਾਲੇ ਚੌਥੇ ਥੰਮ ਮੀਡੀਆ ਦੀ ਆਵਾਜ਼ ਨੂੰ ਦਬਾਉਣ ‘ਤੇ ਲੱਗੀ ਹੋਈ ਹੈ।ਇਸ ਨੇ ਦੇਸ਼ ਵਿੱਚ ਲੱਗੀ ਐਮਰਜੈਸੀ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ।ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆ ਦੇ ਹੱਕਾਂ ਲਈ ਇਸ ਨਿਕੰਮੀ ਸਰਕਾਰ ਜਗਾਉਂਦੀ ਰਹੇਗੀ ।
ਇਸ ਮੋਕੇ ਤੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ,ਬਿਕਰਮਜੀਤ ਸਿੰਘ ਚੀਮਾ ,ਰਾਜੇਸ਼ ਬਾਘਾ,ਮੋਨਾ ਜੈਸਵਾਲ ,ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ,ਲਖਵਿੰਦਰ ਕੌਰ ਗਰਚਾ,ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ,ਸੂਬਾ ਸਹਿ ਖ਼ਜ਼ਾਨਚੀ ਸੁਖਵਿੰਦਰ ਗੋਲਡੀ ,ਸੰਜੀਵ ਖੰਨਾ ,ਜੈਸਮੀਨ ਸੰਧੇਵਾਲੀਆ ,ਸ਼ੰਜੀਵ ਵਿਸ਼ਿਸ਼ਟ ,ਕੇਵਲ ਸਿੰਘ ਢਿੱਲੋ,ਰਾਜ ਕੁਮਾਰ ਵੇਰਕਾ ,ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ,ਅਨਿਲ ਸਾਰੀਨ,ਅਰਵਿੰਦ ਖੰਨਾ,
ਫਤਹਿਜੰਗ ਸਿੰਘ ਬਾਜਵਾ,ਹਰਜੀਤ ਸਿੰਘ ਗਰੇਵਾਲ਼ ਮੈਂਬਰ ਰਾਸ਼ਟਰੀ ਕਾਰਜਕਾਰਨੀ,ਬਲਬੀਰ ਸਿੰਘ ਸਿੱਧੂ,ਅਜੈਬ ਸਿੰਘ ਭੱਟੀ ,ਸੁਨੀਲ ਜਾਖੜ,ਡਾਕਟਰ ਨਰਿੰਦਰ ਰੈਣਾ ,ਤਿਕਸ਼ਨ ਸ਼ੂਦ ,ਗੁਰਪ੍ਰੀਤ ਸਿੰਘ ਕਾਂਗੜ ,ਰਾਣਾ ਗੁਰਮੀਤ ਸੋਢੀ ,ਜਗਦੀਪ ਸਿੰਘ ਨਕਈ ,ਮਨਪ੍ਰੀਤ ਸਿੰਘ ਬਾਦਲ ,ਐਸ਼ ਆਰ ਲੱਧੜ,ਮੀਨੂ ਸੇਠੀ ,ਰਜਿੰਦਰ ਬਿੱਟਾ,ਗੇਜਾ ਰਾਮ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਵਰਕਰਾਂ ਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ।