ਚੰਡੀਗੜ੍ਹ, 13 ਅਕਤੂਬਰ, 2022: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਧਰਨੇ ਦੇਣ ਵਾਲੀਆਂ ਅਧਿਆਪਕ ਯੂਨੀਅਨਾਂ ਨੂੰ ਕਿਹਾ ਕਿ ਉਹ ਧਰਨੇ ਲਗਾਉਣ ਵਾਲੀਆਂ ਅਧਿਆਪਕ ਯੂਨੀਅਨਾਂ ਨਾਲ ਗੱਲ ਨਹੀਂ ਕਰਨਗੇ।
ਕੱਲ੍ਹ ਇਕ ਟੀਵੀ ਚੈਨਲ ਉਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਧਰਨਿਆਂ ਵਾਲਾ ਵਿਭਾਗ ਕਿਹਾ ਜਾਂਦਾ ਹੈ, ਹੁਣ ਇਸ ਨੂੰ ਧਰਨਾ ਮੁਕਤ ਵਿਭਾਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਵੀ ਯੂਨੀਅਨ ਮੰਗਾਂ ਨੂੰ ਲੈ ਕੇ ਧਰਨਾ ਦੇਵੇਗੀ ਉਸਦੀ ਫਾਈਲ ਮੈਂ ਸਭ ਤੋਂ ਆਖੀਰ ਵਿੱਚ ਰੱਖਾਂਗਾ। ਉਨ੍ਹਾਂ ਕਿਹਾ ਕਿ ਜਿਹੜੀ ਯੂਨੀਅਨ ਧਰਨਾ ਨਹੀਂ ਦੇਵੇਗੀ ਮੈਂ ਉਸ ਨਾਲ ਹਮੇਸ਼ਾਂ ਗੱਲਬਾਤ ਲਈ ਤਿਆਰ ਹਾਂ, ਜਦੋਂ ਵੀ ਚਾਹੁਣ ਮੇਰੇ ਦਫ਼ਤਰ ਆ ਕੇ ਗੱਲ ਕਰ ਸਕਦੇ ਹਨ।
ਮੋਹਾਲੀ ਵਿੱਚ ਟੈਂਕੀ ਉਤੇ ਚੜ੍ਹੀ ਪੀਟੀਆਈ ਅਧਿਆਪਕਾਂ ਸਬੰਧੀ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦਾ ਕੰਮ ਖਰਾਬ ਕੀਤਾ ਅੱਜ ਉਨ੍ਹਾਂ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸਮਰਥਨ ਦੇਣ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਟੈਂਕੀ ਤੋਂ ਉਤਰ ਉਨ੍ਹਾਂ ਨਾਲ ਫਿਰ ਹੀ ਕੋਈ ਗੱਲਬਾਤ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਮੋਹਾਲੀ ਦੇ ਸੋਹਾਣਾ ਵਿਚ ਪਾਣੀ ਵਾਲੀ ਟੈਂਕੀ ਉਤੇ ਚੜ੍ਹੇ ਹੋਏ ਹਨ। ਕਾਂਗਰਸ ਦੀ ਸਰਕਾਰ ਸਮੇਂ ਵੀ ਇਨ੍ਹਾਂ ਅਧਿਆਪਕਾਂ ਵੱਲੋਂ ਇਸੇ ਟੈਂਕੀ ਉਤੇ ਚੜ੍ਹਕੇ ਸੰਘਰਸ਼ ਕੀਤਾ ਗਿਆ ਸੀ। ਉਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਕਈ ਆਗੂ ਉਨ੍ਹਾਂ ਨੂੰ ਸਮਰਥਨ ਦੇਣ ਪਹੁੰਚੇ ਸਨ। ਉਸ ਸਮੇਂ ਅਰਵਿੰਦ ਕੇਜਰੀਵਾਲ ਨੇ ਟੈਂਕੀ ਉਤੇ ਚੜ੍ਹੀ ਬੇਰੁਜ਼ਗਾਰ ਅਧਿਆਪਕ ਸਿੱਪੀ ਸ਼ਰਮਾ ਆਪਣੀ ਨੂੰ ਛੋਟੀ ਭੈਣ ਕਹਿੰਦੇ ਹੋਏ ਵਿਸ਼ਵਾਸ ਦਿੱਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਉਨ੍ਹਾਂ ਦਾ ਮਸਲਾ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ, ਪ੍ਰੰਤੂ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਹੱਲ ਨਾ ਹੋਣ ਕਾਰਨ ਅਧਿਆਪਕਾਂ ਵੱਲੋਂ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।
