ਚੰਡੀਗੜ੍ਹ, 28 ਨਵੰਬਰ 2023 – ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਇਜਲਾਸ ਦੌਰਾਨ ਰਾਜ ਦੇ ਭਖਦੇ ਮੁੱਦਿਆਂ ‘ਤੇ ਚਰਚਾ ਤੋਂ ਇਲਾਵਾ ਕਈ ਬਿੱਲ ਪਾਸ ਕੀਤੇ ਜਾਣੇ ਹਨ। ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 5ਵਾਂ ਸਮਾਗਮ ਅੱਜ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਸਪੀਕਰ ਦੀ ਮੰਜ਼ੂਰੀ ਨਾਲ ਵਿਧਾਨ ਸਭਾ ਸਕੱਤਰ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਇਜਲਾਸ 2 ਦਿਨ ਦਾ ਹੋਵੇਗਾ, ਜਿਸ ਦੀ ਪਹਿਲੀ ਬੈਠਕ ਵਿਚ ਵਿਛੜੀਆਂ ਰੂਹਾਂ ਨੂੰ ਸਦਨ ਸ਼ਰਧਾਂਜਲੀਆਂ ਦੇਵੇਗਾ ਅਤੇ ਥੋੜ੍ਹੇ ਵਕਫ਼ੇ ਮਗਰੋਂ 2.30 ਵਜੇ ਬਕਾਇਦਾ ਕਾਰਵਾਈ ਸ਼ੁਰੂ ਹੋਵੇਗੀ ਜਿਸ ਵਿਚ ਪ੍ਰਸ਼ਨਕਾਲ ਧਿਆਨ ਦਿਵਾਊ ਮਤੇ ਅਤੇ ਬਿਲ ਵੀ ਪਾਸ ਕੀਤੇ ਜਾਣਗੇ।
ਇਸ ਤੋਂ ਬਾਅਦ ਇਜਲਾਸ ਦੇ ਸ਼ਾਮ 5 ਵਜੇ ਤੱਕ ਚੱਲਣ ਦੀ ਉਮੀਦ ਹੈ। ਅਗਲੇ ਦਿਨ ਬੁੱਧਵਾਰ ਸਵੇਰੇ 10 ਵਜੇ ਇਜਲਾਸ ਸ਼ੁਰੂ ਹੋਵੇਗਾ। ਇਸ ਦੌਰਾਨ ਵੱਖ-ਵੱਖ ਬਿੱਲਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਅਤੇ ਗੰਨਾ ਕਿਸਾਨਾਂ ਲਈ ਨਵੀਂ ਕੀਮਤ ‘ਤੇ ਸਦਨ ‘ਚ ਬਿਆਨ ਦੇ ਸਕਦੇ ਹਨ।