ਧਰਮ ਨਾਲ਼ ਮਨੁੱਖ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ: ਕੈਬਨਿਟ ਮੰਤਰੀ ਬਲਜੀਤ ਕੌਰ

  • ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਹਿਸਟਰੀ ਕਾਨਫ਼ਰੰਸ ਦਾ 55ਵਾਂ ਸੈਸ਼ਨ ਆਰੰਭ
  • 1965 ਵਿੱਚ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਨੇ ਸ਼ੁਰੂ ਕਰਵਾਈ ਸੀ ਪੰਜਾਬ ਹਿਸਟਰੀ ਕਾਨਫ਼ਰੰਸ

ਪਟਿਆਲਾ, 25 ਅਪ੍ਰੈਲ 2025 – ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਹਿਸਟਰੀ ਕਾਨਫ਼ਰੰਸ ਦਾ 55ਵਾਂ ਸੈਸ਼ਨ ਆਰੰਭ ਹੋ ਗਿਆ ਹੈ। ‘ਪੰਜਾਬ ਵਿਚਲੇ ਧਰਮ: ਪਾਸਾਰ ਅਤੇ ਪ੍ਰਭਾਵ’ ਵਿਸ਼ੇ ਉੱਤੇ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਡਾ. ਬਲਜੀਤ ਕੌਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਮ ਬੰਦੇ ਦੀ ਜ਼ਿੰਦਗੀ ਵਿੱਚ ਧਰਮ ਅਹਿਮ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧਰਮ ਨਾਲ਼ ਮਨੁੱਖ ਆਪਣੀ ਜ਼ਿੰਦਗੀ ਵਿੱਚ ਭਾਵਨਾਤਮਕ ਅਤੇ ਸਮਾਜਿਕ ਪੱਖੋਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਧਰਮ ਨਾਲ਼ ਮਨੁੱਖ ਆਪਸ ਵਿੱਚ ਇੱਕਜੁੱਟਤਾ ਵਾਲ਼ਾ ਰਿਸ਼ਤਾ ਮਹਿਸੂਸ ਕਰਦੇ ਹਨ। ਉਨ੍ਹਾਂ ਪੰਜਾਬ ਵਿਚਲੇ ਵੱਖ-ਧਰਮਾਂ ਦੇ ਹਵਾਲੇ ਨਾਲ਼ ਹਰੇਕ ਧਰਮ ਵੱਲੋਂ ਮਨੁੱਖੀ ਜ਼ਿੰਦਗੀ ਦੀ ਬਿਹਤਰੀ ਵਿੱਚ ਪਾਏ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟਾਏ। ਸਿੱਖ ਧਰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼ ਅਤੇ ਅਗਿਆਨਤਾ ਦੇ ਅੰਧਕਾਰ ਨੂੰ ਹਟਾਇਆ ਸੀ ਅਤੇ ਲੋਕਾਈ ਦੇ ਹੱਕ ਵਿੱਚ ਬਾਬਰ ਜਿਹੇ ਧਾੜਵੀਆਂ ਨੂੰ ਵੰਗਾਰਿਆ ਸੀ। ਉਨ੍ਹਾਂ ਦਾ ਇਹ ਫ਼ਲਸਫ਼ਾ ਪੰਜਾਬ ਦੇ ਚੌਗਿਰਦੇ ਵਿੱਚੋਂ ਮਹਿਸੂਸਿਆ ਜਾ ਸਕਦਾ ਹੈ।

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅਜਿਹੇ ਵਿਸ਼ਿਆਂ ਉੱਤੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਉੱਭਰਨ ਵਾਲ਼ੇ ਨੁਕਤਿਆਂ ਅਤੇ ਸੁਝਾਵਾਂ ਨੂੰ ਸੂਤਰਬੱਧ ਕਰ ਕੇ ਬਕਾਇਦਗੀ ਸਹਿਤ ਸੰਭਾਲਣਾ ਵੀ ਚਾਹੀਦਾ ਹੈ। ਉਨ੍ਹਾਂ ਸੁਝਾਇਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅਨਮੋਲ ਖਜ਼ਾਨਿਆਂ ਨੂੰ ਅੱਜ ਦੇ ਯੁੱਗ ਦੇ ਹਿਸਾਬ ਨਾਲ਼ ਡਿਜੀਟਲ ਰੂਪ ਵਿੱਚ ਤਬਦੀਲ ਕਰ ਕੇ ਅੱਗੇ ਲਿਆਉਣ ਦੀ ਲੋੜ ਹੈ।

ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਤੋਂ ਪੁੱਜੇ ਪ੍ਰੋ. ਕੇ. ਟੀ. ਐੱਸ. ਸਰਾਓ, ਨੇ ਸੈਸ਼ਨ ਦੇ ਜਨਰਲ ਪ੍ਰੈਜ਼ੀਡੈਂਟ ਵਜੋਂ ਭਾਸ਼ਣ ਦੌਰਾਨ ਵੱਖ-ਵੱਖ ਧਰਮਾਂ ਦੇ ਪੰਜਾਬ ਨਾਲ਼ ਸਬੰਧਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਧਰਤੀ ਨੇ ਬਹੁਤ ਸਾਰੀਆਂ ਧਾਰਮਿਕ ਰਵਾਇਤਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਰਿਗਵੇਦ ਤੋਂ ਲੈ ਕੇ ਬੁੱਧ ਧਰਮ ਅਤੇ ਜੈਨ ਧਰਮ ਦੀ ਪੰਜਾਬ ਨਾਲ਼ ਸੰਬੰਧਤਾ ਬਾਰੇ ਆਪਣੇ ਤਰਕ ਦਿੱਤੇ। ਉਨ੍ਹਾਂ ਪੰਜਾਬ ਦੀ ਧਰਤੀ ਉੱਤੇ ਸੰਘੋਲ ਵਿਚੋਂ ਮਿਲੇ ਸਬੂਤਾਂ ਅਤੇ ਹੋਰਨਾਂ ਇਤਹਾਸਿਕ ਦਸਤਾਵੇਜ਼ਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਬੁੱਧ ਧਰਮ ਦਾ ਵੀ ਪੰਜਾਬ ਦੀ ਧਰਤੀ ਨਾਲ਼ ਬਹੁਤ ਗਹਿਰਾ ਸਬੰਧ ਰਿਹਾ ਹੈ।

ਵਿਭਾਗ ਮੁਖੀ ਡਾ. ਸੰਦੀਪ ਕੌਰ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਾਨਫ਼ਰੰਸ ਦੇ ਵਿਸ਼ੇ ਅਤੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿੱਚ ਹੋਣ ਵਾਲ਼ੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਇਤਿਹਾਸ ਕਾਨਫਰੰਸ ਹੈ। ਕਾਨਫਰੰਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰਾਂ ਸਮੇਤ ਵੱਖ-ਵੱਖ ਰਾਜਾਂ ਤੋਂ ਸੈਂਕੜੇ ਡੈਲੀਗੇਟ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੀ ਸ਼ੁਰੂਆਤ 1965 ਵਿੱਚ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਕੀਤੀ ਸੀ। ਉਦੋਂ ਤੋਂ ਇਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਲਗਾਤਾਰ ਕਰਵਾਈ ਜਾ ਰਹੀ ਹੈ।

ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਯੂਨਵਿਰਸਿਟੀ ਵੱਲੋਂ ਸੀ. ਐੱਸ. ਆਰ. ਗਰਾਂਟ ਨਾਲ਼ ਡਿਜੀਟਲਕਰਣ ਸਬੰਧੀ ਪ੍ਰਾਜੈਕਟ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ ਇਸ ਪ੍ਰਾਜੈਕਟ ਨਾਲ਼ ਜੁੜਨ ਦਾ ਸੱਦਾ ਦਿੱਤਾ। ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਡਾ. ਪ੍ਰਨੀਤ ਕੌਰ ਵੱਲੋਂ ਕੀਤਾ ਗਿਆ।

ਉਦਘਾਟਨੀ ਸੈਸ਼ਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਜੋਗਿੰਦਰ ਸਿੰਘ ਵੱਲੋਂ ‘ਪ੍ਰੋਫੈਸਰ ਸੀਤਾ ਰਾਮ ਮੈਮੋਰੀਅਲ ਲੈਕਚਰ’ ਦਿੱਤਾ ਗਿਆ।
ਵੱਖ-ਵੱਖ ਸੈਕਸ਼ਨਾਂ ਦੀ ਪ੍ਰਧਾਨਗੀ ਲਈ ਪਹੁੰਚੀਆਂ ਸ਼ਖ਼ਸੀਅਤਾਂ ਪ੍ਰੋਫੈਸਰ ਸੀਮਾ ਬਾਵਾ, ਪ੍ਰੋਫੈਸਰ ਰਾਧਾ ਸ਼ਰਮਾ, ਪ੍ਰੋਫੈਸਰ ਧਰਮਜੀਤ ਸਿੰਘ ਅਤੇ ਪ੍ਰੋਫੈਸਰ ਅਮਰਜੀਤ ਸਿੰਘ ਨੂੰ ਉਦਘਾਟਨੀ ਸੈਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੀ ਖ਼ਬਰ: ਪੰਜਾਬ ਦੇ ਵਿਜੀਲੈਂਸ ਚੀਫ ਸਮੇਤ ਦੋ ਹੋਰ ਅਫਸਰ ਸਸਪੈਂਡ

ਜ਼ਮੀਨੀ ਸੰਘਰਸ਼ ਨਾਲ ਜੁੜੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ