- ਯੋਗਸ਼ਾਲਾ ‘ਚ ਆਉਣ ਨਾਲ ਸਿਹਤ ਸੁਧਾਰ ਦੇ ਨਾਲ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਧੀ : ਸ਼ਹਿਰ ਵਾਸੀ
- ਲੋਕ ਮੁਫ਼ਤ ਯੋਗ ਸਿਖਲਾਈ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.inਉਤੇ ਲਾਗਇਨ ਕਰ ਸਕਦੇ ਹਨ
ਪਟਿਆਲਾ, 7 ਮਈ 2023 – ਪਟਿਆਲਾ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਦਿੱਤੇ ਸੀ.ਐਮ. ਦੀ ਯੋਗਸ਼ਾਲਾ ਦੇ ਤੋਹਫ਼ੇ ਨੇ ਪਟਿਆਲਾ ਸ਼ਹਿਰ ਦੇ ਪਾਰਕਾਂ ‘ਚ ਸਵੇਰ ਸਮੇਂ ਰੌਣਕਾਂ ਲਿਆਂਦੀਆਂ ਹਨ, ਅਤੇ ਹੁਣ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਇਨ੍ਹਾਂ ਯੋਗਸ਼ਾਲਾਵਾਂ ਦਾ ਲਾਭ ਲੈਂਦੇ ਸਹਿਜੇ ਹੀ ਪਾਰਕਾਂ ‘ਚ ਦੇਖੇ ਜਾ ਸਕਦੇ ਹਨ।
ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਚੱਲ ਰਹੀ ਸੀ.ਐਮ. ਦੀ ਯੋਗਸ਼ਾਲਾ ਨੇ ਲੰਮੇ ਸਮੇਂ ਤੋਂ ਬੇ ਰੌਣਕ ਹੋਏ ਕਿਲ੍ਹੇ ਨੂੰ ਦੁਬਾਰਾ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਾ ਦਿੱਤਾ ਹੈ। ਇਥੇ ਸਵੇਰ ਸਮੇਂ ਯੋਗ ਕਰਨ ਵਾਲੇ ਸ਼ਹਿਰ ਵਾਸੀ ਬਾਜ਼ਾਰ ਦੀਆਂ ਭੀੜ ਭਰੀਆਂ ਗਲੀਆਂ ‘ਚ ਰਹਿੰਦੇ ਹੋਏ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਹੁਤਾ ਕੁਝ ਨਹੀਂ ਕਰ ਪਾਉਂਦੇ ਸੀ, ਪਰ ਹੁਣ ਯੋਗਸ਼ਾਲਾ ਸ਼ੁਰੂ ਹੋਣ ਨਾਲ ਇਨ੍ਹਾਂ ‘ਚ ਵੀ ਦਿਲਚਸਪੀ ਪੈਂਦਾ ਹੋਈ ਹੈ, ਖਾਸ ਤੌਰ ‘ਤੇ ਔਰਤਾਂ ਵੱਲੋਂ ਵੱਡੀ ਗਿਣਤੀ ‘ਚ ਸਵੇਰ ਸਮੇਂ ਯੋਗਸ਼ਾਲਾ ‘ਚ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਕਿਲਾ ਮੁਬਾਰਕ ਵਿਖੇ ਯੋਗ ਕਰਨ ਆਉਣ ਵਾਲੀਆਂ ਔਰਤਾਂ ਨੇ ਕਿਹਾ ਕਿ ਇਸ ਨਾਲ ਜਿਥੇ ਸਿਹਤ ਸੁਧਾਰ ਹੋਇਆ ਹੈ, ਉਥੇ ਹੀ ਸਾਲਾ ਤੋਂ ਗਵਾਂਢ ‘ਚ ਰਹਿਣ ਦੇ ਬਾਵਜੂਦ ਅਣਜਾਣ ਰਹੇ ਗਵਾਂਢੀਆਂ ‘ਚ ਵੀ ਆਪਸੀ ਭਾਈਚਾਰਕ ਸਾਂਝ ਵਧੀ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਯੋਗਸ਼ਾਲਾ ਦੇ ਟਰੇਨਰ ਰਜਨੀ ਨੇ ਦੱਸਿਆ ਕਿ ਕਿਲਾ ਮੁਬਾਰਕ ‘ਚ ਸਵੇਰੇ 5:30 ਵਜੇ ਤੋਂ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਹੁੰਦੀ ਹੈ ਤੇ ਪਹਿਲੇ ਬੈਂਚ ‘ਚ 30 ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਹੁਣ ਗਿਣਤੀ ਵਧਣ ਸਦਕਾ ਅਗਲਾ ਬੈਂਚ 6:30 ਵਜੇ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਜਾਂhttps://cmdiyogshala.punjab.gov.inਉਤੇ ਲਾਗਇਨ ਕੀਤਾ ਜਾ ਸਕਦਾ ਹੈ।