ਚੰਡੀਗੜ੍ਹ, 31 ਦਸੰਬਰ 2020 – ਪੰਜਾਬ ਸਰਕਾਰ ਨੇ ਅੱਜ 1 ਜਨਵਰੀ 2021 ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਲਿਆ ਹੈ ਅਤੇ ਲੋਕਾਂ ਨੂੰ ਕੋਵਿਡ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਦੇ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਅਤੇ ਰਾਤ 9.30 ਵਜੇ ਤੱਕ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਆਦਿ ਨੂੰ ਬੰਦ ਕਰਨ ਸਬੰਧੀ ਪਾਬੰਦੀਆਂ 31 ਦਸੰਬਰ, 2020 ਤੱਕ ਜਾਰੀ ਰਹਿਣਗੀਆਂ।ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਦੇ ਨਾਲ ਇਹ ਦੋਵੇਂ ਪਾਬੰਦੀਆਂ 1 ਜਨਵਰੀ, 2021 ਤੋਂ ਲਾਗੂ ਨਹੀਂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਵਿਚ ਅੰਦਰੂਨੀ ਅਤੇ ਬਾਹਰੀ ਸਮਾਜਿਕ ਇਕੱਠਾਂ ਵਿੱਚ ਕ੍ਰਮਵਾਰ 100 ਅਤੇ 250 ਵਿਅਕਤੀਆਂ ਦੀ ਸ਼ਰਤ 31 ਦਸੰਬਰ 2020 ਤੱਕ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ 1 ਜਨਵਰੀ, 2021 ਤੋਂ ਇਨ੍ਹਾਂ ਪਾਬੰਦੀਆਂ ਵਿੱਚ ਅੰਦਰੂਨੀ ਅਤੇ ਬਾਹਰੀ ਸਮਾਜਿਕ ਇਕੱਠਾਂ ਵਾਸਤੇ ਕ੍ਰਮਵਾਰ 200 ਅਤੇ 500 ਵਿਅਕਤੀਆਂ ਤੱਕ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਥਾਰਟੀਆਂ ਗ੍ਰਹਿ ਮਾਮਲੇ ਮੰਤਰਾਲੇ / ਸੂਬਾ ਸਰਕਾਰ ਵੱਲੋੋਂ ਜਾਰੀ ਸਾਰੀਆਂ ਹਦਾਇਤਾਂ ਦੇ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਗੇ ਜਿਸ ਵਿੱਚ ਇੱਕ ਦੂਜੇ ਤੋਂ ਘੱਟ ਘੱਟ 6 ਫੁੱਟ ਦੀ ਸਮਾਜਿਕ ਵਿੱਥ ਬਣਾ ਕੇ ਰੱਖਣਾ, ਬਾਜ਼ਾਰਾਂ ਅਤੇ ਜਨਤਕ ਟਰਾਂਸਪੋੋਰਟ ਵਿੱਚ ਭੀੜ ਨੂੰ ਨਿਯਮਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਸੁਰੱਖਿਆ ਨੇਮਾਂ ਜਿਵੇਂ ਮਾਸਕ ਪਾਉਣ ਅਤੇ ਜਨਤਕ ਥਾਵਾਂ `ਤੇ ਥੁੱਕਣਾ ਆਦਿ ਦੀ ਉਲੰਘਣਾ ਲਈ ਜ਼ੁਰਮਾਨਾ ਲਗਾਇਆ ਜਾਵੇਗਾ।
ਇਸ ਸਬੰਧ ਵਿਚ ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸੂਬਿਆਂ ਨੂੰ ਨਿਗਰਾਨੀ, ਰੋਕਥਾਮ ਅਤੇ ਸਾਵਧਾਨੀ ਸਬੰਧੀ ਗ੍ਰਹਿ ਮਾਮਲੇ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।ਇਸ ਲਈ ਜ਼ਿਲ੍ਹਾ ਅਥਾਰਟੀਆਂ ਨੂੰ 28 ਦਸੰਬਰ, 2020 ਨੂੰ ਗ੍ਰਹਿ ਮਾਮਲੇ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ।