ਖੰਨਾ, 13 ਸਤੰਬਰ 2022 – ਲੁਧਿਆਣਾ ਦੇ ਕਸਬਾ ਖੰਨਾ ‘ਚ ਇਕ ਔਰਤ ਦੀ ਬਹਾਦਰੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਘਟਨਾ ਖੰਨਾ ਦੇ ਪੀਰਖਾਨਾ ਰੋਡ ਦੀ ਹੈ। ਚੌਧਰੀ ਭੀਸ਼ਨ ਪ੍ਰਕਾਸ਼ ਪਾਰਕ ਨੇੜੇ ਸਕੂਟੀ ‘ਤੇ ਆ ਰਹੀ ਮਹਿਲਾ ਅਧਿਆਪਕਾ ਦੇ ਗਲੇ ‘ਚੋਂ ਚੇਨ ਖੋਹਣ ਦੀ ਕੋਸ਼ਿਸ਼ ਕਰ ਰਹੇ ਦੋ ਬਾਈਕ ਸਵਾਰਾਂ ਨਾਲ ਇਕ ਔਰਤ ਭਿੜ ਗਈ। ਔਰਤ ਦੀ ਇਹ ਬਹਾਦਰੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਅਤੇ ਔਰਤ ਦੀ ਇਸ ਬਹਾਦਰੀ ਦੀ ਹਰ ਪਾਸੇ ਤਾਰੀਫ ਵੀ ਹੋ ਰਹੀ ਹੈ। ਔਰਤ ਪੇਸ਼ੇ ਤੋਂ ਇੱਕ ਅਧਿਆਪਕ ਹੈ।
ਔਰਤ ਨੇ 10 ਮਿੰਟ ਤੱਕ ਬਹਾਦਰੀ ਨਾਲ ਲੁਟੇਰਿਆਂ ਦੀ ਸਾਹਮਣਾ ਕਰਦੀ ਰਹੀ। ਜਿਵੇਂ ਹੀ ਬਾਈਕ ਸਵਾਰ ਔਰਤ ਦੇ ਗਲੇ ‘ਚ ਪਾਈ ਚੇਨ ਖੋਹਣ ਲੱਗੇ ਤਾਂ ਔਰਤ ਨੇ ਬਾਈਕ ‘ਤੇ ਪਿੱਛੇ ਬੈਠੇ ਨੌਜਵਾਨ ਨੂੰ ਫੜ ਲਿਆ। ਇਸ ਦੌਰਾਨ ਔਰਤ ਨੇ ਕਾਫੀ ਬਹਾਦਰੀ ਦਿਖਾਈ ਅਤੇ ਬਾਈਕ ‘ਤੇ ਬੈਠੇ ਬਦਮਾਸ਼ ਨੂੰ ਹੇਠਾਂ ਸੁੱਟ ਦਿੱਤਾ।
ਬਾਈਕ ਸਵਾਰ ਔਰਤ ਨੂੰ ਖਿੱਚ ਕੇ ਲੈ ਗਏ ਪਰ ਔਰਤ ਨੇ ਲੁਟੇਰੇ ਨੂੰ ਨਹੀਂ ਛੱਡਿਆ। ਰੌਲਾ ਸੁਣ ਕੇ ਇਲਾਕੇ ਦੇ ਲੋਕ ਵੀ ਬਾਹਰ ਆ ਗਏ। ਇਸ ਹਫੜਾ-ਦਫੜੀ ‘ਚ ਭੱਜਦੇ ਹੋਏ ਔਰਤ ਵੀ ਡਿੱਗ ਗਈ ਪਰ ਉਸ ਨੇ ਬਾਈਕ ਸਵਾਰ ਨੂੰ ਨਹੀਂ ਛੱਡਿਆ। ਔਰਤ ਦੀ ਬਹਾਦਰੀ ਦੇ ਸਾਹਮਣੇ ਬਾਈਕ ਸਵਾਰ ਲੁਟੇਰਿਆਂ ਨੇ ਆਖ਼ਰ ਗੋਡੇ ਟੇਕ ਦਿੱਤੇ ਅਤੇ ਆਪਣੀ ਜਾਨ ਬਚਾ ਕੇ ਆਪਣੇ ਸਾਥੀ ਨਾਲ ਭੱਜ ਗਿਆ।

ਪੀੜਤ ਅਧਿਆਪਕਾ ਮੀਨੂੰ ਨੇ ਦੱਸਿਆ ਕਿ ਉਹ ਆਪਣੇ ਬੱਚੇ ਨਾਲ ਸਕੂਟੀ ‘ਤੇ ਘਰ ਆ ਰਹੀ ਸੀ। ਉਹ ਪਹਿਲਾਂ ਹੀ ਬਾਈਕ ‘ਤੇ ਸਵਾਰ ਹੋ ਕੇ ਉਸਦਾ ਪਿੱਛਾ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੇ ਦਰਵਾਜ਼ੇ ਕੋਲ ਰੁਕੀ ਤਾਂ ਬਾਈਕ ਸਵਾਰਾਂ ਨੇ ਉਸ ਦੇ ਗਲੇ ‘ਚ ਪਾਈ ਚੇਨ ਨੂੰ ਹੱਥ ਪਾ ਲਿਆ ਪਰ ਉਸ ਨੇ ਤੁਰੰਤ ਹੀ ਬਾਈਕ ਸਵਾਰ ਨੂੰ ਧੱਕਾ ਦੇ ਕੇ ਫੜ ਲਿਆ।
ਬਾਈਕ ਸਵਾਰ ਉਸ ਨੂੰ ਘਸੀਟ ਕੇ ਲੈ ਗਏ ਪਰ ਉਸ ਨੇ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੂੰ ਨਹੀਂ ਛੱਡਿਆ। ਔਰਤ ਨੂੰ ਛੁਡਾਉਣ ਦੇ ਚੱਕਰ ‘ਚ ਨੌਜਵਾਨ ਵੀ ਔਰਤ ਦੇ ਨਾਲ ਡਿੱਗ ਪਿਆ। ਇਸ ‘ਚ ਜਦੋਂ ਔਰਤ ਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ। ਲੋਕਾਂ ਦਾ ਇਕੱਠ ਦੇਖ ਕੇ ਬਾਈਕ ਸਵਾਰ ਆਪਣੀ ਜਾਨ ਬਚਾ ਕੇ ਫਰਾਰ ਹੋ ਗਏ। ਲੁਟੇਰਿਆਂ ਦੇ ਹੱਥ ਔਰਤ ਦੀ ਸਿਰਫ ਚੁੰਨੀ ਹੀ ਆਈ, ਜਿਸ ਨੂੰ ਲੈ ਕੇ ਉਹ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
