- ਰੇਲਵੇ ਸਟੇਸ਼ਨ ‘ਤੇ ਹੋਇਆ ਜਣੇਪੇ ਦਾ ਦਰਦ
- ਵਾਪਸ ਆਗਰਾ ਪਰਤੀ
ਲੁਧਿਆਣਾ, 13 ਜਨਵਰੀ 2024 – ਭਾਰਤ ਤੋਂ ਪਾਕਿਸਤਾਨ ਜਾ ਰਹੀ ਆਗਰਾ ਦੀ ਰਹਿਣ ਵਾਲੀ ਮਹਿਵਿਸ਼ ਨੇ ਲੁਧਿਆਣਾ ‘ਚ ਬੱਚੀ ਨੂੰ ਜਨਮ ਦਿੱਤਾ ਹੈ। ਮਹਿਵਿਸ਼ ਖੁਦ ਭਾਰਤੀ ਹੈ ਪਰ ਉਸ ਦਾ ਵਿਆਹ ਕਰਾਚੀ ਨਿਵਾਸੀ ਸ਼ੋਏਬ ਰੇਨ ਨਾਲ 2017 ‘ਚ ਹੋਇਆ ਸੀ। ਇਹ ਦੋਵਾਂ ਦਾ ਤੀਜਾ ਬੱਚਾ ਹੈ। ਮਹਿਵਿਸ਼ ਨੇ ਇਸ ਲੜਕੀ ਦਾ ਨਾਂ ਸਰਹਦ ਰੱਖਣ ਦਾ ਫੈਸਲਾ ਕੀਤਾ ਹੈ, ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਖਿੱਚੀ ਗਈ ਲਾਈਨ ਦੇ ਵਿਚਕਾਰ ਫਸ ਗਈ ਹੈ। ਹੁਣ ਉਹ ਆਪਣੀ ਧੀ ਦੀ ਪਹਿਲੀ ਲੋਹੜੀ (ਮਕਰ ਸੰਕ੍ਰਾਂਤੀ) ਭਾਰਤ ਵਿੱਚ ਹੀ ਮਨਾਏਗੀ।
ਪੁੱਛ-ਗਿੱਛ ਦੌਰਾਨ ਮਹਿਵਿਸ਼ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਪਾਕਿਸਤਾਨ ‘ਚ ਰਹਿ ਰਹੀ ਸੀ। ਕਰੀਬ 6 ਮਹੀਨੇ ਪਹਿਲਾਂ ਉਹ ਪਾਕਿਸਤਾਨ ਤੋਂ ਭਾਰਤ ‘ਚ ਆਪਣੇ ਪੇਕੇ ਘਰ ਆਈ ਸੀ। ਹੁਣ ਜਦੋਂ ਉਸ ਦੀ ਡਿਲੀਵਰੀ ਡੇਟ ਨੇੜੇ ਆ ਰਹੀ ਸੀ ਤਾਂ ਉਹ ਪਾਕਿਸਤਾਨ ਜਾਣਾ ਚਾਹੁੰਦੀ ਸੀ, ਤਾਂ ਜੋ ਪਹਿਲਾਂ ਪੈਦਾ ਹੋਈਆਂ ਉਸ ਦੀਆਂ ਦੋ ਧੀਆਂ ਵਾਂਗ ਉਹ ਵੀ ਪਾਕਿਸਤਾਨੀ ਨਾਗਰਿਕ ਬਣ ਸਕਣ।
ਮਹਿਵਿਸ਼ ਆਪਣੇ ਭਰਾ ਜਬਰਨ ਨਾਲ ਛੱਤੀਸਗੜ੍ਹ ਐਕਸਪ੍ਰੈਸ ਵਿੱਚ ਅੰਮ੍ਰਿਤਸਰ ਜਾ ਰਹੀ ਸੀ। ਪਰ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਲੁਧਿਆਣੇ ਵਿੱਚ ਜਣੇਪੇ ਦਾ ਦਰਦ ਹੋਣ ਲੱਗ ਪਿਆ। ਸਥਿਤੀ ਨੂੰ ਦੇਖਦੇ ਹੋਏ ਟਰੇਨ ਨੂੰ ਲੁਧਿਆਣਾ ਵਿੱਚ ਹੀ ਰੋਕਣਾ ਪਿਆ। ਡਾਕਟਰਾਂ ਨਾਲ ਸੰਪਰਕ ਕੀਤਾ ਗਿਆ। ਰੇਲਵੇ ਅਤੇ ਲੁਧਿਆਣਾ ਰਹਿੰਦੇ ਰਿਸ਼ਤੇਦਾਰ ਦੀ ਮਦਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੀ ਐਂਬੂਲੈਂਸ ਬੁਲਾਈ ਗਈ ਅਤੇ ਮਹਿਵਿਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਮਹਿਵਿਸ਼ ਚਾਹੁੰਦੀ ਸੀ ਕਿ ਉਸ ਦੀ ਬੇਟੀ ਪਾਕਿਸਤਾਨ ‘ਚ ਹੋਵੇ। ਉਸ ਨੇ ਡਾਕਟਰਾਂ ਤੋਂ ਦਵਾਈ ਦੇ ਕੇ ਡਿਲੀਵਰੀ ਮੁਲਤਵੀ ਕਰਨ ਲਈ ਮਦਦ ਮੰਗੀ ਪਰ ਹਾਲਤ ਨੂੰ ਦੇਖਦੇ ਹੋਏ ਉਸ ਸਮੇਂ ਮਹਿਵਿਸ਼ ਦੀ ਡਿਲੀਵਰੀ ਕਰਨੀ ਪਈ। ਐਸਐਮਓ ਮਨਦੀਪ ਕੌਰ ਸੰਧੂ ਦਾ ਕਹਿਣਾ ਹੈ ਕਿ ਡਿਲੀਵਰੀ ਸਫਲ ਰਹੀ। ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਜਿਸ ਤੋਂ ਬਾਅਦ ਹੁਣ ਮਹਿਵਿਸ਼ ਦੇ ਮਾਤਾ-ਪਿਤਾ ਉਸ ਨੂੰ ਆਪਣੇ ਨਾਲ ਆਗਰਾ ਲੈ ਗਏ ਹਨ। ਉਸ ਨੇ ਦੱਸਿਆ ਕਿ ਇਹ ਮਹਿਵਿਸ਼ ਦਾ ਪੰਜਵਾਂ ਬੱਚਾ ਹੈ, ਪਰ ਤੀਜਾ ਜਿਉਂਦਾ ਬੱਚਾ ਹੈ।
ਮਹਿਵਿਸ਼ ਨੇ ਦੱਸਿਆ ਕਿ ਉਸ ਦਾ ਪਤੀ ਅਟਾਰੀ ਸਰਹੱਦ ਦੇ ਦੂਜੇ ਪਾਸੇ ਪਾਕਿਸਤਾਨ ਦੇ ਵਾਹਗਾ ‘ਚ ਉਡੀਕ ਕਰ ਰਿਹਾ ਸੀ। ਡਿਲੀਵਰੀ ਲਈ ਵੀ ਉਨ੍ਹਾਂ ਵੱਲੋਂ ਸਾਰੇ ਇੰਤਜ਼ਾਮ ਕੀਤੇ ਗਏ ਸਨ, ਤਾਂ ਜੋ ਮਹਿਵਿਸ਼ ਅਤੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਸਰਹਦ ਦੀ ਕਿਸਮਤ ਸੀ ਕਿ ਉਹ ਪਾਕਿਸਤਾਨ ਦੀ ਬਜਾਏ ਭਾਰਤ ਵਿੱਚ ਪੈਦਾ ਹੋਈ।
ਮਹਿਵਿਸ਼ ਨੇ ਦੱਸਿਆ ਕਿ ਉਹ ਚਾਹੁੰਦੀ ਸੀ ਕਿ ਉਸ ਦੀ ਬੇਟੀ ਪਾਕਿਸਤਾਨ ‘ਚ ਹੋਵੇ। ਤਾਂ ਜੋ ਉਸ ਨੂੰ ਪਾਕਿਸਤਾਨੀ ਨਾਗਰਿਕਤਾ ਮਿਲ ਸਕੇ। ਪਰ ਹੁਣ ਉਹ ਭਾਰਤ ਵਿੱਚ ਪੈਦਾ ਹੋਈ ਹੈ। ਉਸ ਨੂੰ ਅਤੇ ਉਸ ਦੇ ਪਤੀ ਨੂੰ ਸਰਹੱਦ ਪਾਰ ਤੋਂ ਵੀ ਚਿੰਤਾ ਹੈ ਕਿ ਕੀ ਉਨ੍ਹਾਂ ਦੀ ਧੀ ਨੂੰ ਭਾਰਤੀ ਜਾਂ ਪਾਕਿਸਤਾਨੀ ਨਾਗਰਿਕਤਾ ਮਿਲੇਗੀ। ਇਸ ਲਈ ਉਹ ਇਸ ਦਾ ਨਾਂ ਸਰਹਦ ਰੱਖਣ ਜਾ ਰਹੀ ਹੈ।
ਮਹਿਵਿਸ਼ ਨੇ ਦੱਸਿਆ ਕਿ ਉਸਦਾ ਵਿਆਹ 2017 ਵਿੱਚ ਹੋਇਆ ਸੀ ਪਰ ਅੱਜ ਤੱਕ ਉਸਨੂੰ ਪਾਕਿਸਤਾਨੀ ਨਾਗਰਿਕਤਾ ਨਹੀਂ ਮਿਲ ਸਕੀ ਹੈ। ਜੇਕਰ ਉਸ ਕੋਲ ਵੀ ਆਪਣੇ ਪਤੀ ਵਾਂਗ ਪਾਕਿਸਤਾਨੀ ਪਾਸਪੋਰਟ ਹੁੰਦਾ ਤਾਂ ਇਸ ਲੜਕੀ ਨੂੰ ਆਸਾਨੀ ਨਾਲ ਪਾਕਿਸਤਾਨੀ ਨਾਗਰਿਕਤਾ ਮਿਲ ਸਕਦੀ ਸੀ। ਪਰ, ਹੁਣ ਜਦੋਂ ਉਸ ਕੋਲ ਭਾਰਤੀ ਪਾਸਪੋਰਟ ਹੈ, ਤਾਂ ਬੇਟੀ ਨੂੰ ਪਾਕਿਸਤਾਨੀ ਨਾਗਰਿਕਤਾ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ।
