ਲੁਧਿਆਣਾ, 30 ਅਗਸਤ 2023 – ਲੁਧਿਆਣਾ ‘ਚ ਆਪਣੇ ਭਰਾ ਦੇ ਘਰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਟਰੱਕ ਦਾ ਟਾਇਰ ਔਰਤ ਦੀ ਲੱਤ ਦੇ ਉਪਰੋਂ ਲੰਘ ਗਿਆ। ਕਰੀਬ 30 ਮਿੰਟ ਤੱਕ ਖੂਨ ਨਾਲ ਲੱਥਪੱਥ ਔਰਤ ਲਿੰਕ ਰੋਡ ‘ਤੇ ਰੋਂਦੀ ਰਹੀ। ਆਖ਼ਰਕਾਰ ਮੁਲਜ਼ਮ ਟਰੱਕ ਡਰਾਈਵਰ ਹੀ ਇੱਕ ਰਾਹਗੀਰ ਦੀ ਮਦਦ ਨਾਲ ਉਸ ਨੂੰ ਈ-ਰਿਕਸ਼ਾ ਵਿੱਚ ਸਿਵਲ ਹਸਪਤਾਲ ਲੈ ਗਿਆ। ਜ਼ਖ਼ਮੀ ਔਰਤ ਦੀ ਪਛਾਣ ਵੀਨਾ ਵਾਸੀ ਸਮਰਾਲਾ ਚੌਕ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਵੀਨਾ ਦੇ ਦੋ ਬੱਚੇ ਹਨ, ਜੋ ਵਿਦੇਸ਼ ਰਹਿੰਦੇ ਹਨ। ਬੀਤੀ ਰਾਤ ਉਹ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ ਦੇ ਘਰ ਜਾ ਰਹੀ ਸੀ। ਵੀਨਾ ਨੇ ਚੀਮਾ ਚੌਕ ਨੇੜੇ ਆਟੋ ਲੈਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।
ਟਰੱਕ ਡਰਾਈਵਰ ਨਰਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਤੋਂ ਗੱਡੀ ਲਿਆ ਰਿਹਾ ਸੀ। ਉਸ ਨੇ ਲੁਧਿਆਣਾ ਦੇ ਚੀਮਾ ਚੌਕ ਤੋਂ ਪਹਿਲਾਂ ਪੈਟਰੋਲ ਪੰਪ ‘ਤੇ ਤੇਲ ਭਰਨ ਲਈ ਟਰੱਕ ਨੂੰ ਮੋੜ ਰਿਹਾ ਸੀ ਪਰ ਦੂਜੇ ਇੱਕ ਟਰੱਕ ਡਰਾਈਵਰ ਨੇ ਉਸ ਨੂੰ ਸਾਈਡ ‘ਤੇ ਟੱਕਰ ਮਾਰ ਦਿੱਤੀ। ਉਸ ਨੇ ਕਾਰ ਨੂੰ ਬਚਾਉਣ ਲਈ ਉਸ ਨੇ ਬ੍ਰੇਕ ਲਗਾ ਦਿੱਤੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਵੀਨਾ ਉਸ ਦੇ ਟਰੱਕ ਦੇ ਟਾਇਰ ਹੇਠਾਂ ਆ ਗਈ।
ਡਰਾਈਵਰ ਨੇ ਦੱਸਿਆ ਕਿ ਉਸ ਨੇ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਹ ਕਰੀਬ ਅੱਧਾ ਘੰਟਾ ਔਰਤ ਨਾਲ ਸੜਕ ‘ਤੇ ਬੈਠਾ ਰਿਹਾ। ਜਦੋਂ ਕਿ ਕੁਝ ਕਦਮਾਂ ਦੀ ਦੂਰੀ ‘ਤੇ ਪੁਲਿਸ ਬੈਰੀਕੇਡ ਵੀ ਸੀ। ਕਿਸੇ ਨੇ ਜ਼ਖਮੀ ਔਰਤ ਦੀ ਮਦਦ ਨਹੀਂ ਕੀਤੀ। ਫਿਲਹਾਲ ਔਰਤ ਨੂੰ ਇਲਾਜ ਤੋਂ ਬਾਅਦ ਦੂਜੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਹਸਪਤਾਲ ਨੇ ਇਲਾਕਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।