ਗੁਰਦਾਸਪੁਰ, 16 ਮਾਰਚ 2024 – ਗੁਰਦਾਸਪੁਰ ਦੇ ਨਵੇਂ ਬਣੇ ਬੱਸ ਸਟੈਂਡ ਦੀ ਤਿੰਨ ਮੰਜ਼ਿਲਾਂ ਇਮਾਰਤ ਦੀ ਤੀਸਰੀ ਮੰਜ਼ਿਲ ਤੇ ਚੜ ਕੇ ਇੱਕ ਨਵ ਵਿਆਹੁਤਾ ਔਰਤ ਨੇ ਹਾਈ ਵੋਲਟੇਜ ਡਰਾਮਾ ਕੀਤਾ। ਲੜ ਕੇ ਗਏ ਘਰ ਵਾਲੇ ਨੂੰ ਲੜਕੀ ਬੱਸ ਸਟੈਂਡ ਤੇ ਬੁਲਾਉਣ ਦੀ ਮੰਗ ਕਰ ਰਹੀ ਸੀ। ਪੁਲਿਸ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਇਮਾਰਤ ਦੀ ਤੀਸਰੀ ਮੰਜ਼ਿਲ ਤੋਂ ਉਤਾਰਿਆ ਅਤੇ ਉਸਦੇ ਘਰ ਵਾਲੇ ਨੂ ਬੁਲਾ ਕੇ ਸਮਝੌਤਾ ਕਰਾਉਣ ਦਾ ਭਰੋਸਾ ਦਿੱਤਾ। ਬਾਅਦ ਵਿੱਚ ਔਰਤ ਨੂੰ ਸਮਝਾ ਬੁਝਾ ਕੇ ਉਸਦੀ ਇੱਕ ਰਿਸ਼ਤੇਦਾਰ ਨਾਲ ਮੁਕੇਰੀਆਂ ਭੇਜ ਦਿੱਤਾ ਗਿਆ। ਦੂਜੇ ਪਾਸੇ ਔਰਤ ਦੇ ਘਰ ਵਾਲੇ ਜੋ ਇੱਕ ਸਰਕਾਰੀ ਕੰਡਕਟਰ ਹੈ ਨੇ ਆਪਣੀ ਵੋਟੀ ਤੇ ਲੜਾਈ ਝਗੜਾ ਕਰਨ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।
ਔਰਤ ਦੇ ਸਰਕਾਰੀ ਕੰਡਕਟਰ ਘਰ ਵਾਲੇ ਨੇ ਦੱਸਿਆ ਕਿ ਸਵੇਰੇ ਉਸ ਦੀ ਪਤਨੀ ਦਾ ਉਸ ਨਾਲ ਝਗੜਾ ਹੋਇਆ ਸੀ। ਉਸਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਉਸ ਨੂੰ ਪਰੇਸ਼ਾਨ ਕਰਦੀ ਹੈ। ਉਸ ਦੀ ਪਤਨੀ ਉਸਦੇ ਲਈ ਰੋਟੀ ਵੀ ਨਹੀਂ ਬਣਾਉਂਦੀ। ਉਸਨੇ ਦੋਸ਼ ਲਗਾਇਆ ਕਿ ਪਰਸੋਂ ਉਸ ਨੇ ਬਟਾਲੇ ਆ ਕੇ ਮੁਹੱਲੇ ਵਿੱਚ ਕਾਫੀ ਹੰਗਾਮਾ ਕੀਤਾ ਸੀ ਅਤੇ ਅੱਜ ਉਸ ਨੇ ਗੁਰਦਾਸਪੁਰ ਬੱਸ ਅੱਡੇ ਤੇ ਆ ਕੇ ਉਸ ਨਾਲ ਝਗੜਾ ਕੀਤਾ ਤੇ ਉਸ ਨੂੰ ਕੰਮ ਵੀ ਨਹੀਂ ਕਰਨ ਦਿੱਤਾ। ਉਸ ਤੋਂ ਬਾਅਦ ਉਹ ਬੱਸ ਸਟੈਂਡ ਦੀ ਤੀਸਰੀ ਮੰਜ਼ਿਲ ਤੇ ਚੜ ਗਈ ਜਿੱਥੋਂ ਪੁਲਿਸ ਨੇ ਆ ਕੇ ਉਸ ਨੂੰ ਉਤਾਰਿਆ। ਉਸ ਨੇ ਕਿਹਾ ਕਿ ਉਹ ਇਹਨਾਂ ਪਰੇਸ਼ਾਨ ਹੋ ਚੁੱਕਿਆ ਹੈ ਕਿ ਹੁਣ ਤਲਾਕ ਲੈਣਾ ਚਾਹੁੰਦਾ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਥਾਣੇ ਤੋਂ ਸੂਚਨਾ ਮਿਲੀ ਸੀ ਕਿ ਨਵੇਂ ਬੱਸ ਸਟੈਂਡ ਦੀ ਤੀਸਰੀ ਮੰਜ਼ਿਲ ਤੇ ਕੋਈ ਔਰਤ ਚੜ ਗਈ ਹੈ ਅਤੇ ਤੀਸਰੀ ਮੰਜ਼ਿਲ ਤੋਂ ਛਲਾਂਗ ਮਾਰਨ ਦੀ ਧਮਕੀ ਦੇ ਰਹੀ ਹੈ। ਉਹ ਮਹਿਲਾ ਪੁਲਿਸ ਅਧਿਕਾਰੀ ਨਾਲ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਸਮਝਾ ਬੁਝਾ ਕੇ ਥੱਲੇ ਉਤਾਰਿਆ। ਉਹਨਾਂ ਦੱਸਿਆ ਕਿ ਔਰਤ ਦਾ ਪਤੀ ਜੋ ਇੱਕ ਸਰਕਾਰੀ ਬੱਸ ਦਾ ਕੰਡਕਟਰ ਹੈ ਨਾਲ ਔਰਤ ਵੱਲੋਂ ਪਹਿਲਾਂ ਝਗੜਾ ਕੀਤਾ ਗਿਆ ਸੀ ਅਤੇ ਲੜਾਈ ਝਗੜੇ ਤੋਂ ਬਾਅਦ ਉਹ ਛੱਤ ਤੇ ਚੜ ਗਈ। ਫਿਲਹਾਲ ਔਰਤ ਨੂੰ ਉਸ ਦੀ ਇੱਕ ਰਿਸ਼ਤੇਦਾਰ ਕੋਲ ਮੁਕੇਰੀਆਂ ਭੇਜ ਦਿੱਤਾ ਗਿਆ ਹੈ।