ਚੰਡੀਗੜ੍ਹ, 21 ਅਗਸਤ 2022 – ਮਾਨਸੂਨ ਹਿਮਾਚਲ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਕਾਫੀ ਤਬਾਹੀ ਮਚਾ ਰਿਹਾ ਹੈ। ਡੈਮ ਪਾਣੀ ਨਾਲ ਭਰ ਗਏ ਹਨ। ਅੱਜ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਪਰ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਅਤੇ ਹੁੰਮਸ ਵਧ ਰਹੀ ਹੈ। ਸੋਮਵਾਰ ਤੋਂ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਸ਼ਹਿਰਾਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਵੀ ਚੱਲ ਸਕਦੀਆਂ ਹਨ ਪਰ ਐਤਵਾਰ ਨੂੰ ਗਰਮੀ ਰਹੇਗੀ।
ਅੱਜ ਕੁਝ ਖੇਤਰਾਂ ਵਿੱਚ ਬੱਦਲ ਛਾਏ ਰਹਿਣਗੇ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਆਲਮ ਇਹ ਹੈ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮਾਝੇ ਅਤੇ ਦੁਆਬੇ ਵਿੱਚ ਮੀਂਹ ਦੀ ਬਹੁਤ ਘੱਟ ਸੰਭਾਵਨਾ ਹੈ। ਖਿੰਡੇ ਹੋਏ ਬੱਦਲ ਹੋਣਗੇ। ਜੇਕਰ ਮੀਂਹ ਪੈਂਦਾ ਹੈ, ਤਾਂ ਉਹ ਵੀ ਪਾਕੇਟ ਰੇਨ ਤੱਕ ਹੀ ਸੀਮਤ ਹੋ ਜਾਵੇਗਾ। ਦੂਜੇ ਪਾਸੇ ਮਾਲਵੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਹਨ।
ਹਿਮਾਚਲ ‘ਚ ਅੱਜ ਵੀ ਚੰਗੀ ਬਾਰਿਸ਼ ਦਾ ਅਲਰਟ ਜਾਰੀ ਹੈ, ਜਿਸ ਕਾਰਨ ਉੱਥੇ ਨਦੀਆਂ ‘ਚ ਪਾਣੀ ਨਾਲ ਫੁੱਲ ਭਰੀਆਂ ਹੋਈਆਂ ਹਨ। ਪੌਂਗ ਡੈਮ ‘ਚ ਪਾਣੀ ਦਾ ਪੱਧਰ 1372.33 ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਸ਼ਨੀਵਾਰ ਨੂੰ ਦੁਪਹਿਰ 1 ਵਜੇ ਪੌਂਗ ਡੈਮ ਤੋਂ 422267 ਕਿਊਸਿਕ ਪਾਣੀ ਛੱਡਿਆ ਗਿਆ। ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਸ਼ਾਹ ਨਾਹਰ ਬੈਰਾਜ ਵਿੱਚ ਛੱਡਿਆ ਗਿਆ ਸੀ, ਜਿੱਥੋਂ ਪਾਣੀ ਅੱਗੇ ਬਿਆਸ ਦਰਿਆ ਵਿੱਚ ਦਾਖਲ ਹੋ ਗਿਆ ਹੈ। ਅਜਿਹੇ ‘ਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਲਈ ਵੀ ਕਿਹਾ ਗਿਆ ਹੈ।