ਸਮਰਾਲਾ (ਲੁਧਿਆਣਾ), 17 ਮਈ 2022 – ਸਮਰਾਲਾ ਨੇੜਲੇ ਪਿੰਡ ਮੰਜਾਲੀ ਕਲਾਂ ਵਿੱਚ 10 ਦੇ ਕਰੀਬ ਨਿਹੰਗ ਸਿੰਘਾਂ ਵੱਲੋਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਦੇ ਬਾਹਰ ਧਰਨਾ ਦਿੱਤਾ।
ਮੀ ਜਾਣਕਾਰੀ ਅਨੁਸਾਰ ਮ੍ਰਿਤਕ ਅਵਤਾਰ ਸਿੰਘ ਇਕ ਲੜਕੀ ਨਾਲ ਫੋਨ ‘ਤੇ ਗੱਲ ਕਰਦਾ ਸੀ। ਉਹ ਲੜਕੀ 10 ਦਿਨ ਪਹਿਲਾਂ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਲੜਕੀ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਸੀ ਕਿ ਅਵਤਾਰ ਸਿੰਘ ਉਨ੍ਹਾਂ ਦੀ ਲੜਕੀ ਨੂੰ ਕਿਤੇ ਲੈ ਗਿਆ ਹੈ, ਲੜਕੇ ਦੇ ਪਿੰਡ ਕੁੱਲੇਵਾਲ ਦੇ ਸੱਤ ਅੱਠ ਵਿਅਕਤੀ ਜਿੱਥੇ ਨਿਹੰਗ ਸਿੰਘਾਂ ਦਾ ਡੇਰਾ ਹੈ, ਜਿੱਥੇ ਫਤਹਿਗੜ੍ਹ ਸਾਹਿਬ ਤੋਂ ਆਏ ਗੁਰਸੇਵਕ ਸਿੰਘ ਅਤੇ ਬਲਵਿੰਦਰ ਸਿੰਘ ਨੇ ਇੱਥੇ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਹ ਸਾਰਾ ਮਾਮਲਾ ਦੱਸਿਆ ਜਿਸ ਤੋਂ ਬਾਅਦ ਹਰਦੀਪ ਸਿੰਘ ਲਾਡੀ ਦੇ ਘਰ ਜਾ ਕੇ ਉਹਨਾਂ ਨੇ ਨਿਹੰਗ ਸਿੰਘਾਂ ਨਾਲ ਮਿਲ ਕੇ ਨੌਜਵਾਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿ੍ਤਕ ਨੌਜਵਾਨ ਅਵਤਾਰ ਸਿੰਘ ਦੀ ਮਾਤਾ ਬਲਜਿੰਦਰ ਕੌਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਲੜਕੇ ਅਵਤਾਰ ਸਿੰਘ ‘ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਲੜਕੀ ਉਨ੍ਹਾਂ ਦੇ ਨਾਲ ਹੈ, ਮੇਰੇ ਲੜਕੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਲੜਕੀ ਦੇ ਦਾਦਾ ਨੇ ਸਾਨੂੰ ਧਮਕੀ ਦਿੱਤੀ ਕਿ ਉਹ ਮੇਰੇ ਲੜਕੇ ਨੂੰ ਮਾਰ ਦੇਣਗੇ। ਜਿਸ ਤੋਂ ਬਾਅਦ ਉਹਨਾਂ ਨੇ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਸਮਰਾਲਾ ਦੇ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਦੋਸ਼ੀ ਫੜੇ ਜਾਣਗੇ।