- ਹੁਣ ਪੁਲਿਸ ਲਈ ਬਣਾਏਗਾ ਸਕੈਚ
ਗੁਰਦਾਸਪੁਰ, 4 ਫਰਵਰੀ 2024 – ਲਾਕਡਾਊਨ ਦੌਰਾਨ ਸਮਾਂ ਬਰਬਾਦ ਕਰਨ ਦੀ ਬਜਾਏ, ਗੁਰਦਾਸਪੁਰ ਸ਼ਹਿਰ ਦੇ ਇੱਕ ਨੌਜਵਾਨ ਨੇ ਯੂਟਿਊਬ ਵੀਡੀਓਜ਼ ਦੇਖ ਕੇ ਆਪਣੀ ਛੁਪੀ ਪ੍ਰਤਿਭਾ ਨੂੰ ਨਿਖਾਰਿਆ ਅਤੇ ਹੁਣ ਬਿਨਾਂ ਕਿਸੇ ਮਾਰਗਦਰਸ਼ਨ ਦੇ ਇੱਕ ਚੰਗੇ ਕਲਾਕਾਰ ਵਜੋਂ ਉੱਭਰ ਰਿਹਾ ਹੈ। ਇੰਨਾ ਹੀ ਨਹੀਂ, 6 ਮਹੀਨੇ ਪਹਿਲਾਂ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ, ਲੌਕਡਾਊਨ ਦੌਰਾਨ ਕੀਤੀ ਗਈ ਸਖਤ ਮਿਹਨਤ ਹੁਣ ਉਸ ਦਾ ਰੁਜ਼ਗਾਰ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦਾ ਸਾਧਨ ਵੀ ਬਣ ਰਹੀ ਹੈ।
ਲਕਸ਼ਯ ਨਾਂ ਦਾ ਇਹ ਨੌਜਵਾਨ ਸਿਰਫ 15 ਮਿੰਟਾਂ ‘ਚ ਕਾਗਜ਼ ‘ਤੇ ਤੁਹਾਡੀ ਸਹੀ ਤਸਵੀਰ ਬਣਾ ਸਕਦਾ ਹੈ। ਜੀਅ ਤੋਂ ਬਾਅਦ ਹੁਣ ਉਸ ਵੱਲੋਂ ਤਿਆਰ ਕੀਤੇ ਗਏ ਸਕੈਚਾਂ ਨੂੰ ਦੇਖ ਕੇ ਐੱਸਐੱਸਪੀ ਗੁਰਦਾਸਪੁਰ ਦਾਇਮਾ ਹਰੀਸ਼ ਨੇ ਲੋੜ ਪੈਣ ‘ਤੇ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਨੌਜਵਾਨ ਲਕਸ਼ੈ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਆਪਣੇ ਮਾਤਾ-ਪਿਤਾ ਦੀ ਹੱਲਾਸ਼ੇਰੀ ‘ਤੇ ਉਸ ਨੇ ਯੂ-ਟਿਊਬ ‘ਤੇ ਪੇਂਟਿੰਗ ਨਾਲ ਸਬੰਧਤ ਵੀਡੀਓ ਦੇਖਣੇ ਸ਼ੁਰੂ ਕੀਤੇ ਅਤੇ ਵੱਖ-ਵੱਖ ਤਰ੍ਹਾਂ ਦੇ ਬੁਰਸ਼, ਰੰਗ ਅਤੇ ਪੇਸਟਲ ਦੀ ਵਰਤੋਂ ਕਰਨੀ ਸਿੱਖੀ। ਉਸ ਨੇ ਮਹਿਸੂਸ ਕੀਤਾ ਕਿ ਉਹ ਇਸ ਨੂੰ ਹੋਰ ਬਿਹਤਰ ਕਰ ਸਕਦਾ ਹੈ ਅਤੇ ਕਲਾਕਾਰਾਂ ਨੂੰ ਟੀਵੀ ‘ਤੇ ਦੇਖਣ ਤੋਂ ਬਾਅਦ ਉਨ੍ਹਾਂ ਦੇ ਸਕੈਚ ਬਣਾਉਣਾ ਸ਼ੁਰੂ ਕਰ ਦਿੱਤਾ।
ਹੌਲੀ-ਹੌਲੀ ਉਹ ਕਾਗਜ਼ ‘ਤੇ ਸਟੀਕ ਆਕਾਰ ਬਣਾਉਣ ਦੇ ਯੋਗ ਹੋ ਗਿਆ ਅਤੇ ਹੁਣ ਉਹ 15 ਮਿੰਟਾਂ ਵਿਚ ਕਿਸੇ ਵੀ ਫੋਟੋ ਜਾਂ ਚਿਹਰੇ ਦਾ ਸਹੀ ਸਕੈਚ ਬਣਾ ਸਕਦਾ ਹੈ। ਉਸਨੇ ਦੱਸਿਆ ਕਿ ਥੋੜਾ ਸਿੱਖਣ ਤੋਂ ਬਾਅਦ ਉਸਨੇ ਪ੍ਰੋਫੈਸ਼ਨਲ ਕੋਚਿੰਗ ਲੈਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕਾਂ ਦੀਆਂ ਵੱਧ ਫੀਸਾਂ ਕਾਰਨ ਅਜਿਹਾ ਨਾ ਹੋ ਸਕਿਆ ਫਿਰ ਉਸਨੇ ਵੀਡੀਓਜ਼ ਨੂੰ ਆਪਣਾ ਗੁਰੂ ਬਣਾਇਆ। ਛੇ ਮਹੀਨੇ ਪਹਿਲਾਂ ਉਸਦੇ ਪਿਤਾ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ, ਉਸਨੇ ਆਪਣੇ ਹੁਨਰ ਨੂੰ ਪੇਸ਼ੇ ਵਜੋਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਲੋਕ ਉਸ ਕੋਲ ਆਪਣੀਆਂ ਤਸਵੀਰਾਂ ਬਣਵਾਉਂਣ ਲਈ ਆਉਣ ਲੱਗੇ ਹਨ, ਪਰ ਫਿਲਹਾਲ ਉਹ ਕਿਸੇ ਤੋਂ ਪੈਸੇ ਨਹੀਂ ਲੈਂਦਾ। ਖੁਸ਼ ਹੋ ਕੇ ਉਹ ਓਨੇ ਹੀ ਪੈਸੇ ਲੈਂਦਾ ਹੈ ਜਿੰਨੇ ਲੋਕ ਦਿੰਦੇ ਹਨ। ਉਸ ਵਿੱਚੋਂ ਕੁਝ ਪੈਸੇ ਉਹ ਆਪਣੇ ਕੰਮ ਲਈ ਲੋੜੀਂਦੀ ਸਮੱਗਰੀ ਪ੍ਰਾਪਤ ਕਰਨ ਵਿੱਚ ਅਤੇ ਕੁਝ ਆਪਣੇ ਪਰਿਵਾਰ ਦੀ ਮਦਦ ਕਰਨ ਵਿੱਚ ਖਰਚ ਕਰਦਾ ਹੈ।
ਹੁਣ ਤੱਕ ਉਹ ਗਣੇਸ਼ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਲਤਾ ਮੰਗੇਸ਼ਕਰ, ਸਿੱਧੂ ਮੂਸੇ ਵਾਲਾ ਦੇ ਚਿੱਤਰ ਬਣਾ ਬਣਾ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਹ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਤੋਂ ਬਹੁਤ ਪ੍ਰਭਾਵਿਤ ਹਨ ਕਿਉਂਕਿ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਨਸ਼ਾਖੋਰੀ ਨੂੰ ਰੋਕਣ ਅਤੇ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਮਿਸ਼ਨ ਨਿਸ਼ਚੈ ਵਰਗੇ ਕਈ ਅਹਿਮ ਕਦਮ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨੇ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਦੀ ਪੇਂਟਿੰਗ ਬਣਾਈ ਹੈ।
ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਦੀ ਪੇਂਟਿੰਗ ਉਨ੍ਹਾਂ ਨੂੰ ਦੇਣ ਉਪਰੰਤ ਐਸਐਸਪੀ ਗੁਰਦਾਸਪੁਰ ਨੇ ਉਸ ਨੂੰ ਕਿਹਾ ਕਿ ਉਹ ਅਪਰਾਧੀਆਂ ਦੀਆਂ ਫੋਟੋਆਂ ਬਣਾ ਕੇ ਪੁਲੀਸ ਦੀ ਮਦਦ ਕਰੇ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਕੰਮ ਦੀ ਤਲਾਸ਼ ਹੈ। ਜੇਕਰ ਉਸ ਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਆਪਣੇ ਸ਼ੌਕ ਨੂੰ ਪੇਸ਼ੇ ਵਜੋਂ ਅਪਣਾ ਕੇ ਪੇਸ਼ੇਵਰ ਚਿੱਤਰ ਬਣਾਉਣਾ ਸ਼ੁਰੂ ਕਰ ਦੇਵੇਗਾ।