ਅੰਮ੍ਰਿਤਸਰ, 6 ਜੁਲਾਈ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਸ਼ੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਜਦੋਂ ਪਰਿਵਾਰ ਵਾਲੇ ਪੁੱਤਰ ਨੂੰ ਲੈਣ ਪੁੱਜੇ ਤਾਂ ਉਸ ਦੇ ਇੱਕ ਹੱਥ ਵਿੱਚ ਟੀਕਾ ਅਤੇ ਦੂਜੇ ਹੱਥ ਵਿੱਚ ਨਸ਼ੇ ਦੀ ਪੁੜੀ ਸੀ। ਪੁਲੀਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਘਟਨਾ ਅੰਮ੍ਰਿਤਸਰ ਦੇ ਪਿੰਡ ਸ਼ਾਹਪੁਰ ਦੀ ਹੈ। ਮ੍ਰਿਤਕ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਮਿਰਾਜ ਸਿੰਘ ਦੀ ਉਮਰ 32 ਸਾਲ ਹੈ। ਕੁਝ ਸਮਾਂ ਪਹਿਲਾਂ ਉਹ ਗਲਤ ਸੰਗਤ ਵਿੱਚ ਪੈ ਗਿਆ ਸੀ ਅਤੇ ਨਸ਼ੇ ਦਾ ਆਦੀ ਹੋ ਗਿਆ ਸੀ। ਸਵੇਰੇ 7 ਵਜੇ ਮਿਰਾਜ ਅਣਪਛਾਤੇ ਨੌਜਵਾਨਾਂ ਨਾਲ ਬੰਬੀ ਵਿਖੇ ਨਸ਼ੇ ਦੀ ਡੋਜ਼ ਲੈਣ ਗਿਆ ਸੀ, ਪਰ ਵਾਪਸ ਨਹੀਂ ਆਇਆ।
ਜਦੋਂ ਮਿਰਾਜ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਕੰਮਾ ਨੇੜੇ ਜਥੇਰੇ ਗੋਪੀ ਚੰਦ ਕੋਲ ਪਈ ਮਿਲੀ। ਉਸ ਨੇ ਇੱਕ ਹੱਥ ਵਿੱਚ ਟੀਕਾ ਅਤੇ ਦੂਜੇ ਹੱਥ ਵਿੱਚ ਪੰਨੀ ਫੜੀ ਹੋਈ ਸੀ। ਸਾਫ਼ ਹੈ ਕਿ ਜਿਸ ਨਾਲ ਵੀ ਉਹ ਨਸ਼ੇ ਕਰ ਰਿਹਾ ਸੀ, ਉਹ ਉਸ ਨੂੰ ਉਥੇ ਹੀ ਛੱਡ ਕੇ ਭੱਜ ਗਿਆ। ਪੁਲਸ ਨੇ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ 304 ਤਹਿਤ ਮਾਮਲਾ ਦਰਜ ਕਰ ਲਿਆ ਹੈ।

