- ਸ਼ਾਹਕੋਟ ਦੇ 50 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ
ਜਲੰਧਰ, 11 ਜੁਲਾਈ 2023 – ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ‘ਚ ਲੱਖੇ ਦੀਆ ਛੰਨਾ ਵਿਖੇ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟ ਗਿਆ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਨੇੜੇ ਮੰਡਾਲਾ ਵਿੱਚ ਵੀ ਧੁੱਸੀ ਬੰਨ੍ਹ ਨੂੰ ਪਾੜ ਪੈ ਗਿਆ ਹੈ। ਧੁੱਸੀ ਬੰਨ੍ਹ ਦੇ ਉਪਰੋਂ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਪਾਣੀ ਦਾ ਪੱਧਰ ਵਧਣ ਕਾਰਨ ਕੱਟ ਗਈ ਹੈ।
ਇਸੇ ਦੌਰਾਨ ਲੋਹੀਆਂ ‘ਚ ਪਾਣੀ ਦੇ ਤੇਜ਼ ਵਹਾਅ ‘ਚ ਫਸਿਆ ਨੌਜਵਾਨ ਆਪਣੀ ਬਾਈਕ ਕੱਢਦੇ ਸਮੇਂ ਰੁੜ੍ਹ ਗਿਆ। ਬਾਈਕ ਤਾਂ ਮਿਲ ਗਈ ਹੈ ਪਰ ਨੌਜਵਾਨ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ। ਇਸੇ ਦੌਰਾਨ ਸਤਲੁਜ ਵਿੱਚ ਪਾਣੀ ਵਧਣ ਦੇ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਾਹਕੋਟ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ 50 ਪਿੰਡਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਸੁਲਤਾਨਪੁਰ ਲੋਧੀ ਨੇੜੇ ਮੰਡਾਲਾ ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦੇ ਪਾਣੀ ਨਾਲ ਜੋ ਧੁੱਸੀ ਬੰਨ੍ਹ ਟੁੱਟਿਆ ਹੈ, ਉਹ ਏਨਾ ਚੌੜਾ ਸੀ ਕਿ ਤਿੰਨ ਵਾਹਨ ਇੱਕੋ ਸਮੇਂ ਇਸ ਨੂੰ ਪਾਰ ਕਰ ਸਕਦੇ ਸਨ। ਪਰ ਕੁਦਰਤ ਦੇ ਸਾਹਮਣੇ ਕਿਸੇ ਦੀ ਤਾਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।