ਮੋਹਾਲੀ: 21 ਨਵੰਬਰ 2022 – ਮੋਹਾਲੀ ਦੇ ਫੇਜ਼-3ਏ ਦੇ ਗੁਰਦੁਆਰਾ ਸਾਹਿਬ ‘ਚ ਐਤਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਆਪਣੀ ਪਹਿਲੀ ਪ੍ਰੇਮਿਕਾ ਤੋਂ ਚੋਰੀ-ਛਿਪੇ ਵਿਆਹ ਕਰਵਾ ਰਿਹਾ ਸੀ। ਮਿਲਣੀਆਂ-ਫੇਰੇ ਹੋ ਚੁੱਕੇ ਸੀ ਪਰ ਇਸੇ ਦੌਰਾਨ ਜਦੋਂ ਵਿਆਹ ਦੀਆਂ ਹੋਰ ਰਸਮਾਂ ਪੈਲੇਸ ‘ਚ ਹੋ ਰਹੀਆਂ ਸਨ ਤਾਂ ਲਾੜੇ ਦੀ ਪੁਰਾਣੀ ਪ੍ਰੇਮਿਕਾ ਵਿਆਹ ਸਮਾਗਮ ‘ਚ ਪਹੁੰਚੀ ਅਤੇ ਉਸ ਨੇ ਹੰਗਾਮਾ ਕਰ ਦਿੱਤਾ।
ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਬੇਅੰਤ ਸਿੰਘ ਡੋਲੀ ਨਾਲ ਕਾਰ ਸਜਾ ਕੇ ਵਿਆਹ ਕਰਨ ਆਇਆ ਸੀ। ਵਿਆਹ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਦੀ ਪ੍ਰੇਮਿਕਾ ਨੇ ਇਸ ਵਿਚ ਵਿਘਨ ਪਾ ਦਿੱਤਾ। ਪੁਲਸ ਸਾਰੀ ਬਾਰਾਤ ਨੂੰ ਮਟੌਰ ਥਾਣੇ ਲੈ ਗਈ। ਪਟਿਆਲਾ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸ ਦੇ ਬੱਚੇ ਵੀ ਹਨ। ਝਗੜੇ ਤੋਂ ਬਾਅਦ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਸੀ। ਬਾਅਦ ਵਿੱਚ ਉਹ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਬੇਅੰਤ ਸਿੰਘ ਨੂੰ ਮਿਲੀ।
ਉਸ ਨੇ ਬੇਅੰਤ ਨੂੰ ਦੱਸਿਆ ਸੀ ਕਿ ਉਹ ਵਿਆਹੀ ਹੋਈ ਹੈ ਅਤੇ ਉਸ ਦੇ ਬੱਚੇ ਹਨ। ਇਸ ਦੇ ਬਾਵਜੂਦ ਉਸਨੇ ਕਿਹਾ ਕਿ ਉਸ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਬਾਅਦ ਦੋਵੇਂ ਪਿਛਲੇ ਅੱਠ ਸਾਲਾਂ ਤੋਂ ਲਿਵ-ਇਨ ਵਿੱਚ ਰਹਿ ਰਹੇ ਸਨ। ਪਿਛਲੇ ਕੁਝ ਦਿਨਾਂ ਤੋਂ ਬੇਅੰਤ ਬਿਲਕੁਲ ਵੱਖਰਾ ਵਿਵਹਾਰ ਕਰ ਰਿਹਾ ਸੀ। ਉਸ ਨੂੰ ਪਤਾ ਲੱਗ ਗਿਆ ਕਿ ਬੇਅੰਤ ਉਸ ਨੂੰ ਦੱਸੇ ਬਿਨਾਂ ਵਿਆਹ ਕਰਨ ਜਾ ਰਿਹਾ ਹੈ। ਇਸ ਲਈ ਐਤਵਾਰ ਨੂੰ ਉਹ ਉਸਦਾ ਪਿੱਛਾ ਕਰਦੀ ਹੋਈ ਉਸ ਜਗ੍ਹਾ ਪਹੁੰਚ ਗਈ ਜਿੱਥੇ ਇਹ ਵਿਆਹ ਹੋ ਰਿਹਾ ਸੀ।
ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਰ ਸਾਲ ਤੋਂ ਔਰਤ ਨਾਲ ਸਬੰਧ ਸੀ। ਉਸ ਨੂੰ ਪਤਾ ਸੀ ਕਿ ਉਹ ਔਰਤ ਪਹਿਲਾਂ ਹੀ ਵਿਆਹੀ ਹੋਈ ਸੀ। ਪਰ ਉਸਨੇ ਉਸਨੂੰ ਇਹ ਨਹੀਂ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਅਜੇ ਤਲਾਕ ਨਹੀਂ ਹੋਇਆ ਹੈ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਰਿਸ਼ਤਾ ਤੋੜ ਲਿਆ।
ਉਥੇ ਹੀ ਇਸ ਮਾਮਲੇ ‘ਚ ਲਾੜੀ ਨੇ ਵੀ ਸ਼ਿਕਾਇਤ ਦਿੱਤੀ ਹੈ। ਇਸ ਬਾਰੇ ਨਵੀਨ ਪਾਲ ਸਿੰਘ ਲਹਿਲ, ਐਸਐਚਓ ਥਾਣਾ ਮਟੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੇ ਨੇ ਲੜਕੀ ਤੋਂ ਛੁਪਾਇਆ ਸੀ ਕਿ ਉਹ ਕਿਸੇ ਹੋਰ ਔਰਤ ਨਾਲ ਲਿਵ-ਇਨ ਵਿਚ ਹੈ। ਜੇ ਪਤਾ ਹੁੰਦਾ ਤਾਂ ਉਹ ਪਹਿਲਾਂ ਹੀ ਵਿਆਹ ਤੋਂ ਇਨਕਾਰ ਕਰ ਦਿੰਦੇ। ਉਥੇ ਹੀ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਲੜਕੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।