ਰੋਪੜ, 27 ਅਕਤੂਬਰ 2023 – ਰੋਪੜ ਗਾਰਡਨ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਤੋਂ ਸ਼ੱਕੀ ਹਾਲਾਤਾਂ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲੜਕੇ ਦੀ ਪਛਾਣ ਤਰਨਜੀਤ ਸਿੰਘ (25) ਪੁੱਤਰ ਮਨਜੀਤ ਸਿੰਘ ਵਾਸੀ ਗਾਰਡਨ ਕਲੋਨੀ ਅਤੇ ਲੜਕੀ ਦੀ ਪਛਾਣ ਹਰਮਨਜੋਤ ਕੌਰ (21) ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਛਾਲ ਮਾਰਨ ਤੋਂ ਪਹਿਲਾਂ ਤਰਨਜੀਤ ਨੇ ਆਪਣੇ ਇੱਕ ਦੋਸਤ ਨੂੰ ਵੀ ਬੁਲਾਇਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਲੜਕੇ-ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਕਰੀਬ ਅੱਧੇ ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨਜੀਤ ਅਤੇ ਹਰਮਨਜੋਤ ਦੇ ਘਰ ਇਕ ਦੂਜੇ ਦੇ ਬਿਲਕੁਲ ਇੱਕ-ਦੂਜੇ ਦੇ ਬਿਲਕੁਲ ਸਾਹਮਣੇ ਹਨ ਅਤੇ ਲੜਕੀ ਵੀ ਲੜਕੇ ਦੇ ਪਰਿਵਾਰ ਨੂੰ ਮਿਲਣ ਆਉਂਦੀ ਸੀ। ਹਰਮਨਜੋਤ ਲੜਕੀ ਦਾ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਲੜਕੇ ਨੇ ਵੀ ਉਸ ਦਾ ਜਨਮਦਿਨ ਮਨਾਇਆ ਸੀ। ਆਪਣੀ ਮਾਂ ਤੋਂ ਇਲਾਵਾ ਤਰਨਜੀਤ ਦੇ ਪਰਿਵਾਰ ਵਿੱਚ ਇੱਕ ਛੋਟੀ ਭੈਣ ਹੈ ਅਤੇ ਉਸਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ।