- 2 ਭਰਾਵਾਂ ‘ਤੇ ਲੱਗਿਆ ਦੋਸ਼
- ਆਪਣੇ ਦੋਸਤ ਨੂੰ ਬਚਾਉਣ ਲਈ ਅੱਗੇ ਆਏ ਦੇ ਲੱਗਿਆ ਚਾਕੂ
- ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਭਾਰਸਿੰਘਪੁਰਾ ਦੀ ਘਟਨਾ
ਜਲੰਧਰ, 16 ਜਨਵਰੀ 2024 – ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਭਾਰਸਿੰਘਪੁਰਾ ‘ਚ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਾਨਵ (25) ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚਾਰ ਸਾਲ ਦੁਬਈ ‘ਚ ਨੌਕਰੀ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਆਪਣੇ ਪਿੰਡ ਭਾਰਸਿੰਘਪੁਰਾ ਆਇਆ ਸੀ। ਨੌਜਵਾਨ ਦੇ ਕਤਲ ਦਾ ਦੋਸ਼ ਦੋ ਭਰਾਵਾਂ ‘ਤੇ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਮਾਨਵ ਆਪਣੇ ਦੋਸਤ ਅਮਿਤ ਨਾਲ ਸੋਮਵਾਰ ਦੇਰ ਸ਼ਾਮ ਆਪਣੇ ਘਰੋਂ ਕਿਤੇ ਜਾਣ ਲਈ ਨਿਕਲਿਆ ਸੀ। ਅਮਿਤ ਅਤੇ ਮਾਨਵ ਨੇ ਦੁਬਈ ਵਿੱਚ ਇਕੱਠੇ ਕੰਮ ਵੀ ਕੀਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਦੋਸਤੀ ਹੋ ਗਈ ਸੀ। ਦੋਵੇਂ ਆਪਣੇ ਦੋਸਤ ਹਰਦੀਪ ਕੁਮਾਰ ਨੂੰ ਮਿਲਣ ਲਈ ਪਿੰਡ ਭਾਰਸਿੰਘਪੁਰਾ ਪੁੱਜੇ। ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਬਾਈਕ ’ਤੇ ਪਿੰਡ ਤੋਂ ਬਾਹਰ ਜਾਣ ਲਈ ਨਿਕਲ ਪਏ।
ਅਮਿਤ ਨੇ ਪੁਲੀਸ ਨੂੰ ਦੱਸਿਆ ਕਿ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਮਾਨਵ ਅਤੇ ਅਮਿਤ ਦੇ ਦੋਸਤ ਹਰਦੀਪ ਸਿੰਘ ਦੀ ਦੋਵਾਂ ਮੁਲਜ਼ਮਾਂ ਭਰਾਵਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ ‘ਚ ਆ ਕੇ ਚਾਕੂ ਕੱਢ ਲਿਆ। ਜਦੋਂ ਉਸ ਨੂੰ ਚਾਕੂ ਮਾਰਿਆ ਗਿਆ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਚਾਕੂ ਮਾਨਵ ਨੂੰ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਮਿਤ ਅਨੁਸਾਰ ਦੋਵਾਂ ਭਰਾਵਾਂ ਦਾ ਹਰਦੀਪ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ। ਇਸੇ ਦੁਸ਼ਮਣੀ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ। ਮ੍ਰਿਤਕ ਮਾਨਵ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮਾਨਵ ਨੂੰ ਪਹਿਲਾਂ ਵੀ ਫੋਨ ‘ਤੇ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਨਵ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਕਰੀਬ 4 ਸਾਲ ਦੁਬਈ ‘ਚ ਕੰਮ ਕਰਨ ਤੋਂ ਬਾਅਦ ਅੱਠ ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ। ਮਾਨਵ ਦੀ ਕਮਾਈ ਨਾਲ ਸਾਰਾ ਘਰ ਚਲਦਾ ਸੀ। ਪੁਲੀਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲੀਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।