ਗੁਰਦਾਸਪੁਰ, 3 ਅਕਤੂਬਰ 2022 – ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ‘ਚ ਇਕ ਸ਼ਖਸ ਵੱਲੋਂ ਪੁਲਿਸ ਕੋਲੋਂ ਐਸ ਐਲ ਆਰ ਰਫ਼ਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਰਫਲ ਖੋਹਣ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ ਪਰ ਬਾਅਦ ਨੌਜਵਾਨ ਹੀ ਫੇਸਬੁੱਕ ‘ਤੇ ਲਾਈਵ ਹੋ ਗਿਆ ਅਤੇ ਸਾਰੀ ਗੱਲ ਦਾਸੀ ਕਿ ਉਸ ਨੇ ਰਫਲ ਕਿਉਂ ਖੋਹੀ।
ਨੌਜਵਾਨ ਨੇ ਲਾਈਵ ਹੋ ਕੇ ਦੱਸਿਆ ਕੇ ਇਹ ਸ਼ਖਸ ਪੁਲਿਸ ਨੂੰ ਕਿਸੇ ਝਗੜੇ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਨ ਲਈ ਬਾਰ-ਬਾਰ ਕਹਿ ਰਿਹਾ ਸੀ ਪਰ ਸ਼ਿਕਾਇਤ ਦਰਜ ਨਾ ਹੋਣ ‘ਤੇ ਦੁਖੀ ਸ਼ਖਸ ਨੇ ਸੰਤਰੀ ਕੋਲੋਂ ਰਫ਼ਲ ਖੋਹ ਲਈ ਤੇ ਫੇਰ ਫੇਸਬੁੱਕ ‘ਤੇ ਲਾਈਵ ਹੋ ਗਿਆ।
ਇਸ ਸ਼ਖਸ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਹ ਖੁਦ ਲਾਈਵ ਵੀਡੀਓ ਵਿੱਚ ਆਪਣਾ ਚੇਹਰਾ ਦਿਖਾਉਂਦਾ ਹੈ ਅਤੇ ਕਹਿ ਰਿਹਾ ਹੈ ਕਿ ਉਹ ਜਸਵਿੰਦਰ ਸਿੰਘ ਹੈ। ਲਾਈਵ ਵੀਡੀਓ ਵਿੱਚ ਹੀ ਉਹ ਮੈਗਜ਼ੀਨ ਲੋਡ ਕਰਦਾ ਹੈ ਅਤੇ ਕਬੂਲ ਕਰਦਾ ਹੈ ਕਿ ਉਸ ਨੇ ਪੁਲਿਸ ਕੋਲੋਂ ਇਹ ਰਫ਼ਲ ਖੋਹੀ ਹੈ।
ਜਸਵਿੰਦਰ ਨੇ ਲਾਈਵ ਹੋ ਕਿ ਕਿਹਾ ਕਿ ਉਹ ਰਫ਼ਲ ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਿਸ ਉਨ੍ਹਾਂ ‘ਤੇ ਵੀ ਪਰਚਾ ਦਰਜ ਕਰੇ, ਜਿਸ ਨਾਲ ਉਸਦਾ ਝਗੜਾ ਹੈ।ਉਸਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਿਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਿਸ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।
ਉਸਨੇ ਲਾਈਵ ਵੀਡੀਓ ਵਿੱਚ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਘੇਰਾ ਪਾ ਕਿ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਜ਼ਿੰਮੇਵਾਰ ਐਸਐਚਓ ਸਰਬਜੀਤ ਸਿੰਘ, ਦਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਹੋਏਗੀ।
ਜਸਵਿੰਦਰ ਨੇ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਜਿਨ੍ਹਾਂ ਨੇ ਉਸਦੇ ਘਰ ਆ ਹਮਲਾ ਕੀਤਾ ਤਾਂ ਉਹ ਮੀਡੀਆ ਸਾਹਮਣੇ ਪੁਲਿਸ ਨੂੰ ਆਤਮ ਸਮਰਪਣ ਕਰ ਦੇਵੇਗਾ। ਉਸ ਨੇ ਕਿਹਾ ਕਿ ਪੁਲਿਸ ਉਸ ਤੋਂ ਬਾਅਦ ਉਸ ਉਪਰ ਕਾਨੂੰਨ ਮੁਤਾਬਿਕ ਅਸਲਾ ਖੋਹਣ ਦੀ ਕਾਰਵਾਈ ਕਰ ਸਕਦੀ ਹੈ ਅਤੇ ਉਹ ਇਸ ਵਿੱਚ ਸਜ਼ਾ ਭੁਗਤਣ ਲਈ ਵੀ ਤਿਆਰ ਹੈ।