ਪਟਿਆਲਾ, 6 ਜਨਵਰੀ 2024 – ਪਟਿਆਲਾ ‘ਚ ਪ੍ਰੇਮਿਕਾ ਦੇ ਨਾਲ ਬ੍ਰੇਕਅੱਪ ਤੋਂ ਨਾਰਾਜ਼ ਹੋਏ ਨੌਜਵਾਨ ਨੇ ਆਪਣੇ ਹੀ ਦੋਸਤ ‘ਤੇ ਤੇਜ਼ਾਬ ਸੁਟਵਾ ਦਿੱਤਾ। ਪੁਲੀਸ ਨੇ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਉਸ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਤੇਜਵੀਰ ਆਪਣੇ ਹੀ ਦੋਸਤ ਦੁਕਾਨ ਮਾਲਕ ਨਿਖਿਲ ਸਿੰਗਲਾ ਨੂੰ ਇਸ ਬ੍ਰੇਕਅੱਪ ਲਈ ਜ਼ਿੰਮੇਵਾਰ ਠਹਿਰਾ ਰਿਹਾ ਸੀ।
ਪਟਿਆਲਾ ਦੇ ਸਨੌਰ ਵਿੱਚ ਵਾਪਰੀ ਇਸ ਘਟਨਾ ਵਿੱਚ 29 ਸਾਲਾ ਦੁਕਾਨਦਾਰ ਨਿਖਿਲ ਦਾ ਤੇਜ਼ਾਬ ਪੈਣ ਕਾਰਨ 50 ਫੀਸਦੀ ਚਿਹਰਾ ਅਤੇ ਮੋਢਾ ਝੁਲਸ ਗਿਆ ਹੈ। ਨਿਖਿਲ ਨੇ ਪੁਲਿਸ ਨੂੰ ਦੱਸਿਆ ਕਿ ਤੇਜ਼ਾਬ ਸੁੱਟਣ ਵਾਲੇ ਬਾਈਕ ‘ਤੇ ਆਏ ਸਨ। ਜਦੋਂ ਉਸ ‘ਤੇ ਤੇਜ਼ਾਬ ਸੁੱਟਿਆ ਗਿਆ ਤਾਂ ਉਹ ਆਪਣੀ ਦੁਕਾਨ ਵੱਲ ਭੱਜਿਆ। ਆਸ-ਪਾਸ ਦੇ ਲੋਕਾਂ ਨੇ ਤੇਜ਼ਾਬ ਵਾਲੇ ਕੱਪੜੇ ਲੁਹਾ ਦਿੱਤੇ। ਨਿਖਿਲ ਨੂੰ ਦਰਦ ਨਾਲ ਚੀਕਦਾ ਦੇਖ ਕੇ ਲੋਕ ਉਸ ਨੂੰ ਹਸਪਤਾਲ ਲੈ ਗਏ।
ਪੀੜਤ ਨਿਖਿਲ ਸਿੰਗਲਾ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗਰਿੱਡ ਕਲੋਨੀ ਸਨੌਰ ਦੇ ਰਹਿਣ ਵਾਲੇ ਤੇਜਵੀਰ ਨੇ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀ। ਉਹ ਆਪਣੀ ਪ੍ਰੇਮਿਕਾ ਦੇ ਛੱਡ ਕੇ ਜਾਣ ਲਈ ਉਸ ਨੂੰ ਜ਼ਿੰਮੇਵਾਰ ਸਮਝਦਾ ਸੀ ਅਤੇ ਉਸ ਦੇ ਦਿਲ ਵਿਚ ਇਸ ਨੂੰ ਲੈ ਕੇ ਰੰਜਿਸ਼ ਸੀ।
ਪੁਲਸ ਰਿਪੋਰਟ ਮੁਤਾਬਕ ਤੇਜਵੀਰ ਮਹਿਤਾ ਦੀ ਇਕ ਲੜਕੀ ਨਾਲ ਦੋਸਤੀ ਸੀ। ਇਕ ਦਿਨ 32 ਸਾਲ ਦੇ ਅਣਵਿਆਹੇ ਤੇਜਵੀਰ ਮਹਿਤਾ ਨੇ ਇਸ ਲੜਕੀ ਨੂੰ ਨਿਖਿਲ ਸਿੰਗਲਾ ਨਾਲ ਮਿਲਾਇਆ। ਅਣਵਿਆਹੇ ਨਿਖਿਲ ਸਿੰਗਲਾ ਨੇ ਵੀ ਲੜਕੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ।
ਨਿਖਿਲ ਸਿੰਗਲਾ ਨਾਲ ਆਪਣੀ ਪ੍ਰੇਮਿਕਾ ਦੀ ਨੇੜਤਾ ਦੇਖ ਕੇ ਤੇਜਵੀਰ ਮਹਿਤਾ ਨੂੰ ਖਿਝ ਆਉਣ ਲੱਗੀ ਸੀ। ਇਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ। ਝਗੜਾ ਦੇਖ ਕੇ ਲੜਕੀ ਨੇ ਦੋਹਾਂ ਤੋਂ ਦੂਰੀ ਬਣਾ ਲਈ ਅਤੇ ਵਿਆਹ ਕਰਵਾ ਲਿਆ।
ਤੇਜਵੀਰ ਮਹਿਤਾ ਆਪਣੀ ਪ੍ਰੇਮਿਕਾ ਦੇ ਚਲੇ ਜਾਣਾ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੂੰ ਮਹਿਸੂਸ ਹੋਣ ਲੱਗਾ ਕਿ ਨਿਖਿਲ ਉਸ ਦੀ ਪ੍ਰੇਮਿਕਾ ਨਾਲ ਦੂਰੀ ਦਾ ਕਾਰਨ ਹੈ ਅਤੇ ਉਸ ਨੇ ਬਦਲਾ ਲੈਣ ਦੇ ਇਰਾਦੇ ਨਾਲ ਤੇਜ਼ਾਬ ਸੁੱਟਣ ਲਈ ਸੁਪਾਰੀ ਦਿੱਤੀ।
ਥਾਣਾ ਸਨੌਰ ਦੇ ਐਸਐਚਓ ਗੁਰਵਿੰਦਰ ਸਿੰਘ ਅਤੇ ਟੀਮ ਨੇ ਮੁਲਜ਼ਮ ਤੇਜਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਤੇਜਵੀਰ ਨੇ ਦੱਸਿਆ ਕਿ ਉਸ ਨੇ ਨਿਖਿਲ ‘ਤੇ ਤੇਜ਼ਾਬ ਸੁੱਟਣ ਲਈ ਆਪਣੇ ਇਕ ਦੋਸਤ ਨੂੰ ਕਰੀਬ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਤੇਜ਼ਾਬ ਸੁੱਟਣ ਵਾਲੇ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਨਿਖਿਲ ਨੂੰ ਸਬਕ ਸਿਖਾਉਣ ਲਈ ਤੇਜ਼ਾਬ ਸੁੱਟਣ ਦੀ ਰਣਨੀਤੀ ਘੜੀ ਗਈ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਬਾਜ਼ਾਰ ਵਿੱਚੋਂ ਪਾਬੰਦੀਸ਼ੁਦਾ ਤੇਜ਼ਾਬ ਖਰੀਦਿਆ। 4 ਜਨਵਰੀ ਦੀ ਸਵੇਰ ਨੂੰ ਜਦੋਂ ਨਿਖਿਲ ਆਪਣੀ ਦੁਕਾਨ ਦੇ ਬਾਹਰ ਸੈਰ ਕਰ ਰਿਹਾ ਸੀ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।