ਯੂਥ ਅਕਾਲੀ ਦਲ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਿਸ਼ਾਲ ਮਾਰਚ ਤੇ ਧਰਨਾ

  • ਯੂਥ ਅਕਾਲੀ ਦਲ ਕਾਰਕੁੰਨਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਸੜਕ ’ਤੇ ਦਿੱਤਾ ਧਰਨਾ, ਫਿਰ ਗ੍ਰਿਫਤਾਰੀਆਂ ਦਿੱਤੀਆਂ

ਚੰਡੀਗੜ੍ਹ, 17 ਸਤੰਬਰ 2024: ਯੂਥ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਅਤੇ ਉਹਨਾਂ ਦੀ ਪਤਨੀ ਆਈ ਪੀ ਐਸ ਅਧਿਕਾਰੀ ਜਯੋਤੀ ਯਾਦਵ ਨੂੰ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਵਿਚ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਤੇ ਰੋਸ ਮੁਜ਼ਾਹਰਾ ਕੀਤਾ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਾਮਲੇ ਬਾਰੇ ਮੁੱਖ ਮੰਤਰੀ ਨੂੰ ਮਿਲਣ ਦੇ ਯਤਨ ਕੀਤੇ ਪਰ ਉਹਨਾਂ ਨੂੰ ਮਿਲਣ ਨਾ ਦਿੱਤਾ ਗਿਆ ਤੇ ਉਲਟਾ ਹਿਰਾਸਤ ਵਿਚ ਲੈ ਲਿਆ ਗਿਆ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਕਿ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਪਹਿਲਾਂ ਹੀ ਸਵਾਲਾਂ ਦੇ ਘਰੇ ਵਿਚ ਹੈ ਕਿਉਂਕਿ ਉਹ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਜਯੋਤੀ ਯਾਦਵ ਖਿਲਾਫ ਸਹੀ ਤਰੀਕੇ ਜਾਂਚ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਸੂਬੇ ਦਾ ਕੋਈ ਵੀ ਪੁਲਿਸ ਅਧਿਕਾਰੀ ਮੰਤਰੀ ਦੀ ਭੂਮਿਕਾ ਦੀ ਜਾਂਚ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਸਰਕਾਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਏ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਨਿਗਰਾਨੀ ਹੇਠ ਜਾਂਚ ਕਰਵਾਏ ਤਾਂ ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸਹੀ ਜਾਂਚ ਹੋ ਸਕੇ।

ਝਿੰਜਰ ਨੇ ਜ਼ੋਰ ਦੇ ਕੇ ਕਿਹਾ ਕਿ ਕਾਰਕੁੰਨਾਂ ਨੂੰ ਮਾਰਚ ਕੱਢਣ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਦਾ ਬਚਾਅ ਕਰਨਾ ਜਾਰੀ ਰੱਖਿਆ ਤਾਂ ਯੂਥ ਅਕਾਲੀ ਦਲ ਪੰਜਾਬ ਦੇ ਸਰਕਾਰੀ ਦੌਰਿਆਂ ਦੌਰਾਨ ਮੁੱਖ ਮੰਤਰੀ ਤੇ ਉਹਨਾਂ ਦੇ ਸਾਰੇ ਮੰਤਰੀਆਂ ਦਾ ਘਿਰਾਓ ਕਰੇਗਾ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਅਤਿਵਾਦੀ ਨਹੀਂ ਹਾਂ। ਅਸੀਂ ਤੁਹਾਡੇ ਦਰ ’ਤੇ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੀ ਜਾਂਚ ਦੀ ਮੰਗ ਕਰਨ ਆਏ ਹਾਂ। ਅਸੀਂ ਇਹ ਵੀ ਦੱਸਣ ਆਏ ਹਾਂ ਕਿ ਨਸ਼ਿਆਂ ਦੀ ਓਵਰਡੋਜ਼ ਕਰ ਕੇ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ ਤੇ ਕਿਵੇਂ ਤੁਹਾਡੇ ਮੰਤਰੀ ਤੇ ਵਿਧਾਇਕ ਨਸ਼ਾ ਮਾਫੀਆ ਦੇ ਨਾਲ ਰਲ ਕੇ ਕੰਮ ਕਰ ਰਹੇ ਹਨ। ਅਸੀਂ ਇਹ ਵੀ ਦੱਸਣ ਆਏ ਹਾਂ ਕਿ ਕਿਵੇਂ ਸੂਬੇ ਵਿਚ ਵਿਆਪਕ ਬੇਰੋਜ਼ਗਾਰੀ ਹੈ ਤੇ ਤੁਸੀਂ ਕੋਈ ਵੀ ਭਰਤੀ ਕਰਨ ਵਿਚ ਨਾਕਾਮ ਰਹਿ ਕੇ ਕਿਵੇਂ ਨੌਜਵਾਨਾਂ ਨੂੰ ਫੇਲ੍ਹ ਕੀਤਾ ਹੈ। ਅਸੀਂ ਇਹ ਵੀ ਦੱਸਣ ਆਏ ਹਾਂ ਕਿ ਸੂਬੇ ਦੇ ਵਿੱਤੀ ਹਾਲਾਤ ਕਿੰਨੇ ਗੰਭੀਰ ਹਨ ਅਤੇ ਇਯ ਕਾਰਣ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਤੇ ਡੀਜ਼ਲ ’ਤੇ ਵੈਟ ਲਗਾਤਾਰ ਵਧਾਉਣ ਕਾਰਣ ਉਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

ਅੱਜ ਪੁਲਿਸ ਨੇ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੁੱਖ ਗੇਟ ਵੱਲ ਨਹੀਂ ਜਾਣ ਦਿੱਤਾ ਤਾਂ ਉਹਨਾਂ ਨੇ ਪੁਲਿਸ ਦਾ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸੜਕ ’ਤੇ ਬੈਠ ਕੇ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਨੂੰ ਬਾਅਦ ਵਿਚ ਹਿਰਾਸਤ ਵਿਚ ਲੈ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ