ਕਪੂਰਥਲਾ, 13 ਜਨਵਰੀ 2024 – ਕਪੂਰਥਲਾ ਦੇ ਸਿਵਲ ਹਸਪਤਾਲ ਦੇ ਇੱਕ ਕੁਆਰਟਰ ਵਿੱਚ ਸ਼ੁੱਕਰਵਾਰ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਲੱਗੀ ਅੱਗ ਵਿੱਚ ਇੱਕ ਵਿਅਕਤੀ ਅਤੇ ਇੱਕ ਪਾਲਤੂ ਕੁੱਤਾ ਜ਼ਿੰਦਾ ਸੜ ਗਿਆ। ਇਸ ਘਟਨਾ ਵਿੱਚ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ‘ਤੇ ਫਾਇਰ ਬ੍ਰਿਗੇਡ ਦੇ ਤਿੰਨ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਆਂਢੀ ਜੀਤ ਬਹਾਦੁਰ ਤੇ ਹੋਰਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਲੈਵਲ ਫੋਰ ਦੀ ਪੋਸਟ ’ਤੇ ਕੰਮ ਕਰਦੀ ਰੌਸ਼ਨੀ ਆਪਣੀਆਂ ਦੋ ਧੀਆਂ ਪੂਨਮ, ਪੂਜਾ ਅਤੇ ਜਵਾਈ ਬੀਰਾ ਨਾਲ ਇਸ ਕੁਆਰਟਰ ਵਿੱਚ ਰਹਿੰਦੀ ਸੀ। ਰਾਤ ਕਰੀਬ 2.30 ਵਜੇ ਬੀਰਾ ਪੁੱਤਰ ਕਸ਼ਮੀਰ ਦੇ ਘਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਪਤਾ ਲੱਗਣ ’ਤੇ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ।
ਪਰ ਇਸ ਅੱਗ ਵਿੱਚ ਜਵਾਈ ਬੀਰਾ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ। ਜਦਕਿ ਰੋਸ਼ਨੀ, ਪੂਜਾ ਅਤੇ ਪੂਨਮ ਵੀ ਅੱਗ ਕਾਰਨ ਝੁਲਸ ਗਈਆਂ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ। ਜ਼ਖਮੀਆਂ ‘ਚੋਂ 2 ਦਾ ਸਿਵਲ ਹਸਪਤਾਲ ਕਪੂਰਥਲਾ ਅਤੇ ਇਕ ਜਲੰਧਰ ‘ਚ ਇਲਾਜ ਅਧੀਨ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਸਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਹ ਖੁਦ ਮੌਕੇ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪਰ ਇਸ ਘਟਨਾ ਵਿੱਚ ਮਹਿਲਾ ਕਰਮਚਾਰੀ ਦੇ ਘਰ ਦਾ ਸਾਰਾ ਸਮਾਨ ਸੜ ਗਿਆ ਅਤੇ ਮਹਿਲਾ ਕਰਮਚਾਰੀ ਦੇ ਜਵਾਈ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ।