ਲੁਧਿਆਣਾ, 1 ਅਕਤੂਬਰ 2022 – ਫ਼ੈਕਟਰੀ ’ਚ ਚੋਰੀ ਕਰਨ ਸਮੇਂ ਵਰਕਰ ਨੂੰ ਕਤਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਦੋ ਨੌਜਵਾਨਾਂ ਚੋਂ ਇਕ ਨੌਜਵਾਨ ਵਲੋਂ ਪੁਲਿਸ ਹਿਰਾਸਤ ’ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਸ਼ਨਾਖਤ ਜਤਿੰਦਰ ਉਰਫ ਛੋਟੂ ਵਜੋਂ ਕੀਤੀ ਗਈ ਹੈ।
ਜਤਿੰਦਰ ਨੂੰ ਪੁਲਿਸ ਨੇ ਉਸ ਦੇ ਸਾਥੀ ਪਰਮਜੀਤ ਸਿੰਘ ਨਾਲ ਫੈਕਟਰੀ ’ਚ ਚੋਰੀ ਦੌਰਾਨ ਵਰਕਰ ਨੂੰ ਕਤਲ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਅੱਜਕੱਲ੍ਹ ਇਹ ਦੋਵੇਂ ਸੀ.ਆਈ.ਏ. ਸਟਾਫ਼ ਦੀ ਹਿਰਾਸਤ ’ਚ ਸਨ। ਅੱਜ ਤੜਕੇ ਇਨ੍ਹਾਂ ’ਚੋਂ ਜਤਿੰਦਰ ਨੇ ਫਾਹਾ ਲਗਾ ਲਿਆ।
ਜਤਿੰਦਰ ਨੂੰ ਸੀਆਈਏ ਵੱਲੋਂ ਜਸਪਾਲ ਬਾਂਗਰ ਇਲਾਕੇ ਵਿੱਚ ਆਪਣੇ ਸਾਥੀ ਪਰਮਜੀਤ ਸਿੰਘ ਨਾਲ ਮਿਲ ਕੇ ਇੱਕ ਫੈਕਟਰੀ ਵਿੱਚ ਚੋਰੀ ਦੌਰਾਨ ਮਜ਼ਦੂਰ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਦੌਰਾਨ ਦੋਵਾਂ ਮੁਲਜ਼ਮਾਂ ’ਤੇ ਨਟ ਬੋਲਟ ਦੀਆਂ ਬੋਰੀਆਂ ਲੁੱਟਣ ਦੇ ਦੋਸ਼ ਵੀ ਲੱਗੇ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲੀਸ ਨੇ ਇੱਕ 32 ਬੋਰ ਦਾ ਰਿਵਾਲਵਰ ਅਤੇ ਮਹਿੰਦਰਾ ਪਿਕਅੱਪ ਵੈਨ ਵੀ ਬਰਾਮਦ ਕੀਤੀ ਸੀ, ਜਿਸ ਵਿੱਚ ਉਹ ਫਰਾਰ ਹੋ ਗਏ ਸਨ। ਜਤਿੰਦਰ ਦੀ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਸੁਮਿਤ ਸੂਦ ਸਮੇਤ ਉੱਚ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।