ਜਲੰਧਰ, 10 ਮਾਰਚ 2023 – ਜਲੰਧਰ ਸ਼ਹਿਰ ‘ਚ ਨਜਾਇਜ਼ ਹਥਿਆਰ ਮਿਲਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗਾਜੀ ਗੁੱਲਾ ਚੌਕ ਨੇੜਿਓਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨਾਂ ਕੋਲੋਂ 1 ਪਿਸਤੌਲ ਅਤੇ 6 ਰੌਂਦ ਜਿੰਦਾ ਬਰਾਮਦ ਹੋਏ ਹਨ। ਨੌਜਵਾਨ ਦੀ ਪਛਾਣ ਰੋਹਿਤ ਵਾਸੀ ਟੀਵੀ ਸੈਂਟਰ ਨਕੋਦਰ ਚੌਕ ਵਜੋਂ ਹੋਈ ਹੈ।
ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਐੱਸ.ਆਈ ਗੁਰਨਾਮ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਗਾਜ਼ੀ ਗੁੱਲਾ ਚੌਕ ਨੇੜੇ ਮੌਜੂਦ ਸਨ ਤਾਂ ਇਸੇ ਦੌਰਾਨ ਅੰਡਰ ਬ੍ਰਿਜ ਤੋਂ ਇਕ ਨੌਜਵਾਨ ਨੂੰ ਆਉਂਦਾ ਦੇਖਿਆ। ਪੁਲਿਸ ਨੂੰ ਦੇਖ ਕੇ ਨੌਜਵਾਨ ਡਰ ਗਿਆ। ਉਹ ਤੁਰੰਤ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਰੋਹਿਤ ਦੇ ਖਿਲਾਫ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ‘ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਰੋਹਿਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਸੀ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਫੜੇ ਗਏ ਹਥਿਆਰ ਨਾਲ ਕੋਈ ਅਪਰਾਧ ਤਾਂ ਨਹੀਂ ਹੋਇਆ।