- ਪੁਲਿਸ ਨੇ ਨਸ਼ਾ ਤਸਕਰ ਸਮੇਤ 5 ‘ਤੇ ਦਰਜ ਕੀਤੀ ਐਫ.ਆਈ.ਆਰ
ਅਬੋਹਰ, 5 ਜੁਲਾਈ 2023 – ਮੰਗਲਵਾਰ ਦੇਰ ਸ਼ਾਮ ਅਬੋਹਰ ‘ਚ ਮਸੀਤ ਢਾਣੀ ਨੇੜੇ ਸੜਕ ਕਿਨਾਰੇ ਇਕ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਥਾਣਾ ਨੰਬਰ 1 ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਸੁਰਿੰਦਰ ਪਾਲ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਮ੍ਰਿਤਕ ਦੇ ਸਾਲੇ ਸਮੇਤ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਗੈਰ ਇਰਾਦਾ ਕਤਲ ਅਤੇ ਲਾਸ਼ ਨੂੰ ਖੁਰਦਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਬੁੱਧਵਾਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ।
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ‘ਚ ਸੁਰਿੰਦਰ ਪਾਲ ਪੁੱਤਰ ਲਾਜਪਤ ਰਾਏ ਵਾਸੀ ਗੋਬਿੰਦ ਨਗਰੀ ਗਲੀ ਨੰਬਰ 1 ਨੇ ਦੱਸਿਆ ਕਿ ਉਸ ਦਾ 29 ਸਾਲਾ ਲੜਕਾ ਚੰਦਨ ਨਿਊ ਵੀਅਰ ਵੈੱਲ ਦੇ ਸ਼ੋਅਰੂਮ ‘ਤੇ ਕੰਮ ਕਰਦਾ ਸੀ। ਉਹ 3 ਜੁਲਾਈ ਨੂੰ ਸ਼ੋਅਰੂਮ ਗਿਆ ਸੀ। ਜਿੱਥੋਂ ਦੁਪਹਿਰੇ 1.15 ਵਜੇ ਕੋਈ ਅਣਪਛਾਤਾ ਨੌਜਵਾਨ ਉਸ ਦੇ ਲੜਕੇ ਨੂੰ ਸ਼ੋਅਰੂਮ ਤੋਂ ਆਪਣੇ ਨਾਲ ਲੈ ਗਿਆ।
ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ ‘ਤੇ ਵੀ ਉਸ ਦੀ ਭਾਲ ਕੀਤੀ ਅਤੇ ਪੁਲਸ ਤੋਂ ਉਸ ਦੇ ਲੜਕੇ ਦਾ ਪਤਾ ਲਗਾਉਣ ਦੀ ਮੰਗ ਵੀ ਕੀਤੀ। ਇੱਥੇ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਸੁਖਦੀਪ ਉਰਫ਼ ਸੁੱਖਾ ਪੁੱਤਰ ਪ੍ਰਗਟ ਸਿੰਘ ਵਾਸੀ ਢਾਣੀ ਮਸੀਤ ਆਪਣੇ ਲੜਕੇ ਚੰਦਨ ਨੂੰ ਆਪਣੇ ਸਾਲੇ ਅੰਕੁਸ਼ ਪੁੱਤਰ ਨਰੇਸ਼ ਵਾਸੀ ਜੰਮੂ ਬਸਤੀ ਅਬੋਹਰ ਕੋਲ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ। ਜਿੱਥੇ ਉਸਨੇ ਜੰਮੂ ਬਸਤੀ ਗਲੀ ਨੰਬਰ 5 ਦੇ ਰਹਿਣ ਵਾਲੇ ਬੂਟਾ ਸਿੰਘ ਪੁੱਤਰ ਭੋਲਾ ਸਿੰਘ ਤੋਂ ਨਸ਼ੀਲਾ ਪਦਾਰਥ ਖਰੀਦਿਆ।
ਜਿਸ ਤੋਂ ਬਾਅਦ ਸੁਖਦੀਪ ਅਤੇ ਅੰਕੁਸ਼ ਉਸ ਦੇ ਲੜਕੇ ਨੂੰ ਸ੍ਰੀਗੰਗਾਨਗਰ ਰੋਡ ਬਾਈਪਾਸ ਕੱਸੀ ਕੋਲ ਆਪਣੇ ਨਾਲ ਲੈ ਗਏ। ਜਿੱਥੇ ਬਲਰਾਮ ਉਰਫ਼ ਰਮਨ ਪੁੱਤਰ ਰਾਮਕਰਨ ਅਤੇ ਅਨਮੋਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਛਿੱਪਾਂਵਾਲੀ ਪਹਿਲਾਂ ਹੀ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਉਸ ਦੇ ਪੁੱਤਰ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ, ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਸਾਰਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਸ ਦੇ ਪੁੱਤਰ ਦੀ ਲਾਸ਼ ਨੂੰ ਝਾੜੀਆਂ ਕੋਲ ਸੁੱਟ ਦਿੱਤਾ।
ਜਿਸ ਨੂੰ ਪੁਲਸ ਨੇ ਮੰਗਲਵਾਰ ਦੇਰ ਸ਼ਾਮ ਬਰਾਮਦ ਕਰ ਲਿਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਾਰੇ ਨੌਜਵਾਨ ਨਸ਼ੇ ਦੇ ਆਦੀ ਸਨ। ਉਸ ਨੇ ਉਕਤ ਨੌਜਵਾਨ ਨੂੰ ਪਹਿਲਾਂ ਵੀ ਕਈ ਵਾਰ ਆਪਣੇ ਪੁੱਤਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ। ਪਰ ਉਨ੍ਹਾਂ ਦੇ ਕਾਰਨ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇੱਥੇ ਪੁਲੀਸ ਨੇ ਸੁਰਿੰਦਰ ਦੇ ਬਿਆਨਾਂ ’ਤੇ ਪੰਜ ਨੌਜਵਾਨਾਂ ਖ਼ਿਲਾਫ਼ ਧਾਰਾ 304, 201, 34 ਆਈਪੀਸੀ, ਐਨਡੀਪੀਐਸ ਐਕਟ ਦੀਆਂ ਧਾਰਾਵਾਂ 27, 29, 61, 85 ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਪਹਿਲੂ ਸਾਹਮਣੇ ਆਇਆ ਹੈ ਕਿ ਬੂਟਾ ਸਿੰਘ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਉਹ ਇਨ੍ਹਾਂ ਨੌਜਵਾਨਾਂ ਨੂੰ ਨਸ਼ਾ ਵੇਚਦਾ ਸੀ। ਬਾਕੀ ਦਾ ਖੁਲਾਸਾ ਇਨ੍ਹਾਂ ਸਾਰਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋਵੇਗਾ।