ਬਟਾਲਾ, 24 ਅਪ੍ਰੈਲ 2024 – ਇਮੀਗ੍ਰੇਸ਼ਨ ਦਫਤਰ ‘ਚ ਕੰਮ ਕਰਦੇ ਨੌਜਵਾਨ ਨੇ ਆਪਣੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਦਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਨੇ ਆਪਣੀ ਮਾਂ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ ਸਨ। ਪਰਿਵਾਰ ਦਾ ਦੋਸ਼ ਹੈ ਕਿ ਦਫਤਰ ਦਾ ਕਰਮਚਾਰੀ ਉਸ ਨੂੰ ਧਮਕੀਆਂ ਦੇ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਰਾਜਕੁਮਾਰ ਦੀ ਮਾਤਾ ਇੰਦੂ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਕੁਝ ਸਮੇਂ ਤੋਂ ਬਟਾਲਾ ਸਥਿਤ ਇਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਦਾ ਸੀ। ਮ੍ਰਿਤਕ ਰਾਜਕੁਮਾਰ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਸੀ ਕਿ ਦਫਤਰ ਦੇ ਲੋਕ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ।
ਮਾਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰੀਬ 6.30 ਵਜੇ ਉਹ ਆਪਣੀ ਡਿਊਟੀ ‘ਤੇ ਆਈ ਅਤੇ ਕਰੀਬ 8 ਵਜੇ ਉਸ ਦੇ ਬੇਟੇ ਰਾਜਕੁਮਾਰ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਮਾਂ ਮੇਰੀ ਜ਼ਿੰਦਗੀ ‘ਚ ਅੱਜ ਤੱਕ ਜੋ ਵੀ ਗਲਤੀਆਂ ਹੋਈਆਂ ਹਨ, ਮੈਨੂੰ ਮੁਆਫ ਕਰ ਦਿਓ ਅਤੇ ਹੁਣ ਅੱਗੇ ਮੈਂ ਕੋਈ ਗਲਤੀ ਨਹੀਂ ਕਰਾਂਗਾ। ਮਾਂ ਨੇ ਦੱਸਿਆ ਕਿ ਇਹ ਕਹਿਣ ਤੋਂ ਬਾਅਦ ਰਾਜਕੁਮਾਰ ਨੇ ਫੋਨ ਕੱਟ ਦਿੱਤਾ, ਜਿਸ ਤੋਂ ਉਸ ਨੂੰ ਸ਼ੱਕ ਹੋਇਆ ਅਤੇ ਜਦੋਂ ਉਹ ਘਰ ਆਈ ਤਾਂ ਉਸ ਨੇ ਰਾਜਕੁਮਾਰ ਨੂੰ ਪੱਖੇ ਨਾਲ ਲਟਕਦਾ ਮਿਲਿਆ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦੀ ਖੁਦਕੁਸ਼ੀ ਪਿੱਛੇ ਦਫ਼ਤਰ ਦੇ ਲੋਕਾਂ ਦਾ ਹੱਥ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ। ਸਿਵਲ ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਰਾਜਕੁਮਾਰ ਨੂੰ ਉਨ੍ਹਾਂ ਕੋਲ ਲਿਆਂਦਾ ਗਿਆ ਤਾਂ ਉਸ ਦਾ ਸਾਹ ਨਹੀਂ ਆ ਰਿਹਾ ਸੀ। ਇਸ ਦੇ ਬਾਵਜੂਦ ਜਦੋਂ ਉਕਤ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।