ਜਲੰਧਰ, 5 ਅਗਸਤ 2022 – ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰੀਲ ਪਾਉਣ ਦੀ ਕੋਸ਼ਿਸ਼ ‘ਚ ਜਲੰਧਰ ਦੇ ਕਸਬਾ ਗੁੱਜਣ ‘ਚ 3 ਨੌਜਵਾਨਾਂ ਨੇ ਰਾਤ ਸਮੇਂ ਦਰੱਖਤਾਂ ਨੂੰ ਅੱਗ ਲਗਾ ਦਿੱਤੀ। ਜਦੋਂ ਅੱਗ ਦਾ ਧੂੰਆਂ ਉੱਥੋਂ ਦੇ ਨੇੜੇ ਦੇ ਘਰਾਂ ਵਿੱਚ ਜਾ ਵੜਿਆ ਤਾਂ ਲੋਕਾਂ ਬਾਹਰ ਆ ਗਏ। ਜਦੋਂ ਲੋਕਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਉਥੇ ਰੀਲਾਂ ਬਣਾ ਰਹੇ 3 ਨੌਜਵਾਨ ਉਹਨਾਂ ਨੂੰ ਦੇਖ ਕੇ ਐਕਟਿਵਾ ‘ਤੇ ਫ਼ਰਾਰ ਹੋ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਰੀਲਾਂ ਬਣਾਉਣ ਖਾਤਰ ਬਸਤੀ ਗੁੱਜਣ ਵਿਖੇ ਗੋਬਿੰਦਰ ਨਹਿਰ ਦੇ ਕੋਲ ਖਾਲੀ ਪਈ ਜ਼ਮੀਨ ‘ਤੇ ਲੱਗੇ ਦਰੱਖਤਾਂ ਵਿਚਕਾਰ ਕੂੜਾ ਇਕੱਠਾ ਕਰ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਇੱਕ ਲੜਕਾ ਐਕਟਿੰਗ ਕਰ ਰਿਹਾ ਸੀ ਅਤੇ ਦੋ ਉਸਦੇ ਮੋਬਾਈਲ ਤੋਂ ਰੀਲ ਬਣਾ ਰਹੇ ਸਨ। ਰੀਲ ਬਣਾਉਂਦੇ ਸਮੇਂ ਨੌਜਵਾਨਾਂ ਨੇ ਦੇਖਿਆ ਕਿ ਕੁਝ ਲੋਕ ਉਨ੍ਹਾਂ ਵੱਲ ਆ ਰਹੇ ਸਨ। ਜ਼ਿਆਦਾ ਲੋਕਾਂ ਨੂੰ ਦੇਖ ਕੇ ਨੌਜਵਾਨ ਡਰ ਗਏ ਅਤੇ ਉਹ ਐਕਟਿਵਾ ‘ਤੇ ਫਰਾਰ ਹੋ ਗਏ।
ਲੋਕਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਅੱਗ ਲਗਾ ਕੇ ਵੀਡੀਓ ਰੀਲਾਂ ਬਣਾ ਰਹੇ ਸਨ, ਉਹ ਉਨ੍ਹਾਂ ਦੇ ਇਲਾਕੇ ਦੇ ਹੀ ਨਹੀਂ ਜਾਪਦੇ। ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਪਹਿਲਾਂ ਆਪਣੇ ਪੱਧਰ ‘ਤੇ ਕੋਸ਼ਿਸ਼ ਕੀਤੀ ਪਰ ਜਦੋਂ ਅੱਗ ਨਾ ਬੁਝੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ |
ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗੋਬਿੰਦ ਨਗਰ ਦੇ ਆਸਪਾਸ ਅੱਗ ਲੱਗ ਜਾਂਦੀ ਹੈ ਤਾਂ ਧੂੰਆਂ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਹੈ। ਉਹਨਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਅੱਗ ਦਾ ਵੀ ਉਦੋਂ ਪਤਾ ਲੱਗਾ ਜਦੋਂ ਧੂੰਆਂ ਘਰਾਂ ਤੱਕ ਪਹੁੰਚ ਗਿਆ।