ਚੰਡੀਗੜ੍ਹ, 2 ਮਾਰਚ 2024 – ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਲੋਕ ਸਭਾ ਚੋਣ ਨਹੀਂ ਲੜਨਗੇ, ਜਿਸ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਐਕਸ ‘ਤੇ ਟਵੀਟ ਕਰਕੇ ਕੀਤੀ ਹੈ। ਯੁਵਰਾਜ ਨੇ ਕਿਹਾ ਹੈ ਕਿ ਫਿਲਹਾਲ ਉਨ੍ਹਾਂ ਦਾ ਰਾਜਨੀਤੀ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਹੁਣ ਤੱਕ ਮੀਡੀਆ ‘ਚ ਚਰਚਾ ਹੋ ਰਹੀ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ।
ਇਸ ਸੰਬੰਧੀ ਯੁਵਰਾਜ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ, “ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ। ਮੇਰਾ ਜਨੂੰਨ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀ ਸਹਾਇਤਾ ਅਤੇ ਮਦਦ ਕਰਨਾ ਹੈ। ਮੈਂ ਇਸ ਕੰਮ ਨੂੰ ਆਪਣੀ ਫਾਊਂਡੇਸ਼ਨ ਰਾਹੀਂ ਜਾਰੀ ਰੱਖਾਂਗਾ। ਉਨ੍ਹਾਂ ਕਿ ਆਓ ਮਿਲ ਕੇ ਆਪਣੀ ਕਾਬਲੀਅਤ ਨਾਲ ਬਦਲਾਅ ਲਿਆਉਣਾ ਜਾਰੀ ਰੱਖੀਏ।”
ਜ਼ਿਕਰਯੋਗ ਹੈ ਕਿ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਹਮੇਸ਼ਾ ਹੀ ਸੈਲੀਬ੍ਰਿਟੀ ਰਹੀ ਹੈ। ਇਸ ਸੀਟ ਤੋਂ ਉਨ੍ਹਾਂ ਨੂੰ ਸਫਲਤਾ ਵੀ ਮਿਲੀ ਹੈ। ਫਿਲਹਾਲ ਧਰਮਿੰਦਰ ਦੇ ਬੇਟੇ ਅਤੇ ਫਿਲਮ ਐਕਟਰ ਸੰਨੀ ਦਿਓਲ ਭਾਜਪਾ ਦੀ ਟਿਕਟ ਤੋਂ ਇਸ ਸੀਟ ‘ਤੇ ਸਾਂਸਦ ਹਨ। ਸੰਨੀ ਦਿਓਲ ਤੋਂ ਪਹਿਲਾਂ ਵਿਨੋਦ ਖੰਨਾ ਵੀ ਇਸ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਵਿਨੋਦ ਖੰਨਾ ਤੋਂ ਬਾਅਦ ਸੰਨੀ ਦਿਓਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ ਵੀ ਜਿੱਤ ਗਏ ਸਨ।
ਭਾਜਪਾ ਦੀ ਹਾਲ ਹੀ ਵਿੱਚ ਹੋਈ ਸੀਈਸੀ ਮੀਟਿੰਗ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਇੱਕ ਤੋਂ ਦੋ ਦਿਨਾਂ ਵਿੱਚ 100 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਸੂਚੀ ‘ਚ ਉਨ੍ਹਾਂ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜਿੱਥੇ ਭਾਜਪਾ ਮਜ਼ਬੂਤ ਸਥਿਤੀ ‘ਚ ਹੈ। ਇਨ੍ਹਾਂ ਵਿੱਚੋਂ ਇੱਕ ਸੀਟ ਗੁਰਦਾਸਪੁਰ ਹੈ।ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਭਾਜਪਾ ਇਸ ਸੀਟ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੌਕਾ ਦੇ ਸਕਦੀ ਹੈ ਪਰ ਯੁਵਰਾਜ ਸਿੰਘ ਨੇ ਖੁਦ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।