ਚੰਡੀਗੜ੍ਹ, 4 ਜੂਨ 2021 – ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਆਉਂਦੇ ਦਿਨਾਂ ਦੌਰਾਨ ਮੀਂਹ ਤੇ ਝੱਖੜ ਝੁੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਆਉਂਦੇ 72 ਘੰਟਿਆਂ ਦੌਰਾਨ ਤੇਜ਼ ਮੀਂਹ ਪੈ ਸਕਦਾ ਹੈ ਤੇ ਝੱਖੜ ਵੀ ਝੁੱਲ ਸਕਦਾ ਹੈ।
ਅੱਜ ਸਵੇਰੇ ਜ਼ਿਲ੍ਹਾ ਲੁਧਿਆਣਾ ’ਚ ਕਾਫ਼ੀ ਮੀਂਹ ਪਿਆ। ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮਈ ਮਹੀਨੇ ਵੀ ਗਰਮੀ ਨਾਮਾਤਰ ਹੀ ਰਹੀ। ਇਹੋ ਹਾਲਾਤ ਹੁਣ ਜੂਨ ਮਹੀਨੇ ’ਚ ਵੀ ਬਣੇ ਹੋਏ ਹਨ। ਜੂਨ ’ਚ ਵੀਰਵਾਰ ਨੂੰ ਜੂਨ ਦਾ ਪਿਛਲੇ 10 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਹਾ। ਇਹ ਪਹਿਲੀ ਵਾਰ ਹੈ ਕਿ ਜੂਨ ਮਹੀਨੇ ਦੌਰਾਨ ਭਿਆਨਕ ਗਰਮੀ ਗ਼ਾਇਬ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਕਾਲ਼ੇ ਬੱਦਲ ਛਾਏ ਹੋਏ ਹਨ, ਜਿਸ ਕਾਰਣ ਦੁਪਹਿਰ ਤੋਂ ਬਾਅਦ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਵੀ ਬੱਦਲ ਛਾਏ ਰਹਿਣਗੇ।