- ਦੁਨੀਆਂ ਦੇ ਕਿਸੇ ਵੀ ਕੋਨੇ ‘ਚੋਂ ਕੁੱਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਦਰਜ ਕਰਵਾਈ ਜਾ ਸਕੇਗੀ ਸ਼ਿਕਾਇਤ, ਸਮਾਂਬੱਧ ਤਰੀਕੇ ਨਾਲ ਹੋਵੇਗਾ ਨਿਪਟਾਰਾ
- ਸ਼ਿਕਾਇਤਕਰਤਾ ਨੂੰ ਭਵਿੱਖ ਵਿੱਚ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਲਈ ਦਿੱਤਾ ਜਾਵੇਗਾ ਵਿਲੱਖਣ ਨੰਬਰ
ਚੰਡੀਗੜ੍ਹ, 2 ਮਾਰਚ 2021 – ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ, ਸੰਪਤੀ ਨਾਲ ਸਬੰਧਤ ਅਤੇ ਹੋਰਨਾਂ ਮਾਮਲਿਆਂ ਦੇ ਨਿਪਟਾਰੇ ਲਈ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਟੇਟ ਪਰਵਾਸੀ ਭਾਰਤੀ ਕਮਿਸ਼ਨ ਦੀ ਇਸ ਵੈੱਬਸਾਈਟ www.nricommissionpunjab.com ਨੂੰ ਅੱਜ ਪੰਜਾਬ ਦੇ ਪਰਵਾਸੀ ਭਾਰਤੀਆਂ, ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਮਿੰਨੀ ਸਕੱਤਰੇਤ ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਸੰਖੇਪ ਸਮਾਗਮ ਦੌਰਾਨ ਲਾਂਚ ਕੀਤਾ।
ਰਾਣਾ ਸੋਢੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਇਮੀਗ੍ਰੇਸ਼ਨ, ਰਾਸ਼ਟਰੀਅਤਾ, ਵਿਆਹ, ਮਾਤਾ-ਪਿਤਾ ਦਰਮਿਆਨ ਬੱਚਿਆਂ ਸਬੰਧੀ ਝਗੜੇ, ਪਤੀ-ਪਤਨੀ ਦੀ ਦੇਖ-ਰੇਖ, ਵਿਆਹ ਸਬੰਧੀ ਸੰਪਤੀ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਸ, ਗ਼ੈਰਕਾਨੂੰਨੀ ਪਰਵਾਸ, ਨੌਕਰੀ ਸਬੰਧੀ ਮਾੜੇ ਹਾਲਾਤ, ਭਾਰਤੀ ਜਾਇਦਾਦ ਦੀ ਕਿਰਾਏਦਾਰੀ, ਸਰੋਗੇਸੀ ਪ੍ਰਬੰਧ ਅਤੇ ਹੋਰਨਾਂ ਮੁੱਦਿਆਂ ਦੇ ਹੱਲ ਲਈ ਪੰਜਾਬ ਰਾਜ ਐਨ.ਆਰ.ਆਈ ਕਮਿਸ਼ਨ ਦਾ ਗਠਨ ਸਾਲ 2011 ਵਿੱਚ ਕੀਤਾ ਗਿਆ ਸੀ ਪਰ ਪਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਦੀ ਘਾਟ ਰੜਕ ਰਹੀ ਸੀ ਜਿਸ ਨੂੰ ਪੂਰਾ ਕਰਨ ਲਈ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ।
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਇਸ ਵੈੱਬਸਾਈਟ www.nricommissionpunjab.com ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਪਰਵਾਸੀ ਭਾਰਤੀ ਕੁੱਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੂੰ ਵੈੱਬਸਾਈਟ `ਤੇ ਆਪਣੀ ਮੁਸ਼ਕਲ ਨਾਲ ਸਬੰਧਤ ਚੈਕਲਿਸਟ ਅਨੁਸਾਰ ਆਪਣੀ ਸ਼ਿਕਾਇਤ ਦਰਜ ਕਰਾਉਣੀ ਹੋਵੇਗੀ। ਸ਼ਿਕਾਇਤ ਦਰਜ ਹੋਣ ਉਪਰੰਤ ਸ਼ਿਕਾਇਤਕਰਤਾ ਨੂੰ ਭਵਿੱਖ ਵਿੱਚ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਲਈ ਵਿਲੱਖਣ ਨੰਬਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਸ਼ੇਖਰ ਕੁਮਾਰ ਧਵਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੰਜਾਬ ਰਾਜ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ ਜਾਂ ਸ਼ਿਕਾਇਤ ਦੀ ਘਟਨਾ ਪੰਜਾਬ ਨਾਲ ਸਬੰਧਤ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਵਿੱਚ ਦਰਜ ਕਰਵਾਈ ਜਾ ਸਕਦੀ ਹੈ।
ਜਸਟਿਸ ਧਵਨ ਨੇ ਦੱਸਿਆ ਕਿ ਵੈੱਬਸਾਈਟ ‘ਤੇ ਸ਼ਿਕਾਇਤਕਰਤਾ ਨੂੰ ਵੱਖ-ਵੱਖ ਕਿਸਮਾਂ ਦੇ ਕੇਸਾਂ ਲਈ ਸ਼ਿਕਾਇਤ ਦਰਜ ਕਰਨ ਅਤੇ ਉਨ੍ਹਾਂ ਨਾਲ ਦਾਖ਼ਲ ਕੀਤੇ ਜਾਣ ਵਾਲੇ ਲੋੜੀਂਦੇ ਦਸਤਾਵੇਜ਼ਾਂ ਦਾ ਮੁਕੰਮਲ ਵੇਰਵਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਅਪਲੋਡ ਕਰਨ ਅਤੇ ਦਸਤਾਵੇਜ਼ ਦਾਖ਼ਲ ਕਰਨ ਲਈ ਕਦਮ-ਦਰ-ਕਦਮ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀ ਕਿਸੇ ਮਾਮਲੇ ਸਬੰਧੀ ਆਏ ਫ਼ੈਸਲੇ ਦੀ ਕਾਪੀ ਵੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਖ਼ਬਾਰ, ਟੀ.ਵੀ. ਚੈਨਲ, ਰੇਡੀਓ ਆਦਿ ਤੋਂ ਪ੍ਰਾਪਤ ਖ਼ਬਰ ਜ਼ਰੀਏ ਜ਼ਾਹਰ ਕੀਤੀਆਂ ਗਈਆਂ ਪਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਦਾ ਵੀ ਕਮਿਸ਼ਨ ਨਿਰੰਤਰ ਨੋਟਿਸ ਲੈਂਦਾ ਰਿਹਾ ਹੈ।
ਇਸੇ ਦੌਰਾਨ ਰਾਣਾ ਸੋਢੀ ਨੇ ਕਮਿਸ਼ਨ ਦੇ ਮੈਂਬਰਾਂ ਲਈ ਤਿਆਰ ਦੋ ਕਮਰੇ ਵੀ ਕਮਿਸ਼ਨ ਦੇ ਸਪੁਰਦ ਕੀਤੇ। ਇਸ ਮੌਕੇ ਐਨ.ਆਰ.ਆਈ. ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਰੋਜ, ਏ.ਡੀ.ਜੀ.ਪੀ. (ਐਨ.ਆਰ.ਆਈਜ਼) ਸ੍ਰੀ ਏ.ਐਸ. ਰਾਏ, ਕਮਿਸ਼ਨ ਦੇ ਮੈਂਬਰ ਸ੍ਰੀ ਐਮ.ਪੀ. ਸਿੰਘ (ਆਈ.ਏ.ਐਸ. ਸੇਵਾ ਮੁਕਤ), ਸ੍ਰੀ ਐਚ.ਐਸ. ਢਿੱਲੋਂ (ਆਈ.ਪੀ.ਐਸ. ਸੇਵਾ ਮੁਕਤ), ਸ੍ਰੀ ਗੁਰਜੀਤ ਸਿੰਘ ਲਹਿਲ ਅਤੇ ਸ੍ਰੀ ਸਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।