ਰਾਣਾ ਸੋਢੀ ਨੇ ਉਲੰਪਿਕ ਜਾਣ ਵਾਲੇ ਖਿਡਾਰੀਆਂ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ

  • ਉਲੰਪਿਕ ਵਿੱਚ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰੋ
  • ਉਲੰਪਿਕ ਵਿੱਚ ਭਾਗ ਲੈਣ ਜਾ ਰਹੇ ਖਿਡਾਰੀਆਂ ਨੂੰ ਦਿੱਤੇ ਪੰਜ-ਪੰਜ ਲੱਖ ਰੁਪਏ
  • ਕੁੱਲ 1 ਕਰੋੜ 30 ਲੱਖ ਰੁਪਏ ਵੰਡੇ
  • ਹਰਦੀਪ ਕੌਰ ਨੂੰ ਕਰਾਟੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ

ਚੰਡੀਗੜ੍ਹ, 18 ਜੂਨ 2021 – ਉਲੰਪਿਕ ਖੇਡਾਂ ਵਿੱਚ ਭਾਗ ਲੈਣ ਜਾਣ ਵਾਲੇ ਪੰਜਾਬ ਦੇ ਅਥਲੀਟਾਂ ਨੂੰ ਆਪਣੇ ਪ੍ਰਦਰਸ਼ਨ ਰਾਹੀਂ ਸੂਬੇ ਤੇ ਦੇਸ਼ ਦਾ ਨਾਮ ਚਮਕਾਉਣ ਦਾ ਸੱਦਾ ਦਿੰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਨੂੰ ਪੂਰੀ ਉਮੀਦ ਹੈ ਕਿ ਸਾਡੇ ਖਿਡਾਰੀ ਟੋਕੀਓ ਤੋਂ ਵੱਡੀ ਗਿਣਤੀ ਵਿੱਚ ਤਮਗ਼ੇ ਜਿੱਤ ਕੇ ਘਰ ਪਰਤਣਗੇ।

ਇੱਥੇ ਪੰਜਾਬ ਦੇ ਖਿਡਾਰੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਸ਼ੂਟਿੰਗ ਦੇ ਉੱਘੇ ਖਿਡਾਰੀ ਰਹੇ ਰਾਣਾ ਸੋਢੀ ਨੇ ਟੋਕੀਓ ਜਾ ਰਹੇ ਪੰਜਾਬ ਦੇ ਖਿਡਾਰੀਆਂ ਨੂੰ ਇਸ ਖੇਡ ਮਹਾਂਕੁੰਭ ਲਈ ਆਪਣੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਲਈ ਪੰਜ-ਪੰਜ ਲੱਖ ਰੁਪਏ ਸੌਂਪੇ। ਇਨ੍ਹਾਂ ਖਿਡਾਰੀਆਂ ਨੂੰ ਕੁੱਲ 1 ਕਰੋੜ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਤਕਸੀਮ ਕੀਤੀ ਗਈ।

ਹਰੇਕ ਖਿਡਾਰੀ ਲਈ ਮਾਲੀ ਮਦਦ ਦਾ ਐਲਾਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਮੀਦ ਹੈ ਕਿ ਟੋਕੀਓ ਉਲੰਪਿਕਸ ਵਿੱਚ ਭਾਰਤ ਵੱਲੋਂ ਤਕਰੀਬਨ 190 ਮੈਂਬਰੀ ਦਲ ਭਾਗ ਲਵੇਗਾ, ਜਿਸ ਵਿੱਚੋਂ 100 ਅਥਲੀਟ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚ 56 ਪੁਰਸ਼ ਤੇ 44 ਔਰਤਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ 25 ਤੋਂ 30 ਹੋਰ ਅਥਲੀਟ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨਗੇ।

ਖੇਡ ਮੰਤਰੀ ਨੇ ਦੱਸਿਆ ਕਿ ਭਾਰਤੀ ਉਲੰਪਿਕ ਦਲ ਵਿੱਚ ਪੰਜਾਬ ਦੀ ਵੱਡੀ ਨੁਮਾਇੰਦਗੀ ਹੋਵੇਗੀ ਕਿਉਂਕਿ ਹੁਣ ਤੱਕ 26 ਅਥਲੀਟ ਪੰਜਾਬ ਦੇ ਕੁਆਲੀਫਾਈ ਕਰ ਚੁੱਕੇ ਹਨ। ਉਨ੍ਹਾਂ ਨਾਲ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ-ਮੁਕਤ) ਡਾ. ਜਗਬੀਰ ਸਿੰਘ ਚੀਮਾ, ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ, ਪੀ.ਆਈ.ਐਸ. ਡਾਇਰੈਕਟਰ ਸ੍ਰੀ ਅਮਰਦੀਪ ਸਿੰਘ ਅਤੇ ਸੰਯੁਕਤ ਸਕੱਤਰ ਕਰਤਾਰ ਸਿੰਘ ਮੌਜੂਦ ਸਨ।

ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨਾਲ ਕੀਤਾ ਵਾਅਦਾ ਦੁਹਰਾਉਂਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਉਲੰਪਿਕ ਵਿੱਚੋਂ ਪੰਜਾਬ ਦੇ ਸੋਨ ਤਮਗ਼ਾ ਜੇਤੂ ਨੂੰ 2.25 ਕਰੋੜ ਰੁਪਏ, ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਨੂੰ 1.5 ਕਰੋੜ ਰੁਪਏ ਅਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਤਮਗ਼ਾ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ ਅਤੇ ਹਾਕੀ ਖੇਡ ਇਸ ਵਿੱਚ ਮੋਹਰੀ ਹੋਵੇਗੀ। ਭਾਰਤੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਚੁਣੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਉਭਰਦੇ ਖਿਡਾਰੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਹੈ ਅਤੇ ਇਸ ਨਾਲ ਖਿਡਾਰੀਆਂ ਨੂੰ ਵਿਦੇਸ਼ੀ ਕੋਚਾਂ ਦੀ ਨਿਗਰਾਨੀ ਹੇਠ ਆਧੁਨਿਕ ਸਾਜ਼ੋ-ਸਾਮਾਨ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਮਿਲ ਰਿਹਾ ਹੈ।

ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਸਾਰੇ ਭਾਰਤੀ ਖਿਡਾਰੀਆਂ ਨੂੰ ਕੋਰੋਨਾ ਦੀ ਰੋਕਥਾਮ ਲਈ ਦਵਾਈ ਦੇਣੀ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਲੰਪਿਕਸ ਅਜਿਹਾ ਪਲੇਟਫਾਰਮ ਹੈ, ਜਿਸ ਵਿੱਚ ਵਿਸ਼ਵ ਦੇ ਬਿਹਤਰੀਨ ਖਿਡਾਰੀ ਆਪਣੀ ਖੇਡ ਦੇ ਜ਼ੌਹਰ ਦਿਖਾਉਂਦੇ ਹਨ। ਸਾਨੂੰ ਉਮੀਦ ਹੈ ਕਿ ਸਾਡੇ ਖਿਡਾਰੀ ਆਪਣਾ ਪੂਰਾ ਤਾਣ ਲਾ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਖੇਡ ਵਿਭਾਗ ਨੇ ਖਿਡਾਰੀਆਂ ਨੂੰ ਵਿੱਤੀ ਤੇ ਸਾਜ਼ੋ-ਸਾਮਾਨ ਦੀ ਮਦਦ ਮੁਹੱਈਆ ਕਰਵਾਈ।

ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਮਨਪ੍ਰੀਤ ਸਿੰਘ (ਹਾਕੀ ਕਪਤਾਨ), ਆਕਾਸ਼ਦੀਪ ਸਿੰਘ, ਹਰਮਨਪ੍ਰੀਤ ਸਿੰਘ, ਕ੍ਰਿਸ਼ਨ ਪਾਠਕ, ਵਰੁਣ ਕੁਮਾਰ, ਗੁਰਿੰਦਰ ਸਿੰਘ, ਮਨਦੀਪ ਸਿੰਘ, ਜਰਮਨਪ੍ਰੀਤ ਸਿੰਘ, ਸਮਸ਼ੇਰ ਸਿੰਘ, ਗੁਰਸਾਹਿਬਜੀਤ ਸਿੰਘ, ਰੁਪਿੰਦਰਪਾਲ ਸਿੰਘ, ਰਮਨਦੀਪ ਸਿੰਘ, ਹਾਰਦਿਕ ਸਿੰਘ, ਸਿਮਰਨਜੀਤ ਸਿੰਘ, ਜਸਕਰਨ ਸਿੰਘ, ਗੁਰਜੰਟ ਸਿੰਘ ਅਤੇ ਦਿਲਪ੍ਰੀਤ ਸਿੰਘ (ਸਾਰੇ ਹਾਕੀ ਖਿਡਾਰੀ), ਰਾਜਵਿੰਦਰ ਕੌਰ, ਗੁਰਜੀਤ ਕੌਰ ਅਤੇ ਰੀਨਾ ਖੋਖਰ (ਮਹਿਲਾ ਹਾਕੀ ਖਿਡਾਰੀ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਅੰਜੁਮ ਮੌਦਗਿੱਲ (ਸ਼ੂਟਿੰਗ), ਅੰਗਦ ਵੀਰ ਸਿੰਘ ਬਾਜਵਾ (ਸ਼ੂਟਿੰਗ), ਕਮਲਪ੍ਰੀਤ ਕੌਰ (ਡਿਸਕਸ ਥ੍ਰੋਅ), ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ) ਅਤੇ ਪਲਕ ਕੋਹਲੀ (ਪੈਰਾ ਬੈਡਮਿੰਟਨ ਖਿਡਾਰੀ) ਨੇ ਆਪਣੇ ਮਾਪਿਆਂ ਨਾਲ ਵੱਖੋ-ਵੱਖ ਜ਼ਿਲ੍ਹਿਆਂ ਤੋਂ ਭਾਗ ਲਿਆ ਅਤੇ ਖੇਡ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਦਿਆਂ ਆਪਣੀਆਂ ਖੇਡ ਤਿਆਰੀਆਂ ਤੇ ਦਾਅ-ਪੇਚਾਂ ਬਾਰੇ ਗੱਲ ਕੀਤੀ।

ਹਰਦੀਪ ਕੌਰ ਖੇਡ ਵਿਭਾਗ ਵਿੱਚ ਬਤੌਰ ਕਰਾਟੇ ਕੋਚ ਨਿਭਾਏਗੀ ਸੇਵਾ

ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਸੋਢੀ ਨੇ ਜ਼ਿਲ੍ਹਾ ਮਾਨਸਾ ਦੀ 23 ਸਾਲਾ ਕੌਮਾਂਤਰੀ ਕਰਾਟੇ ਖਿਡਾਰਨ ਹਰਦੀਪ ਕੌਰ ਨੂੰ ਕਰਾਟੇ ਕੋਚ ਦੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਸੌਂਪਿਆ। ਮੀਡੀਆ ਰਿਪੋਰਟਾਂ ਅਨੁਸਾਰ ਉਹ ਆਪਣੇ ਜੱਦੀ ਪਿੰਡ ਗੁਰਨੇ ਕਲਾਂ ਵਿਖੇ ਝੋਨੇ ਦੀ ਲੁਆਈ ਲਈ ਮਜ਼ਦੂਰ ਵਜੋਂ ਕੰਮ ਕਰਨ ਲਈ ਮਜਬੂਰ ਸੀ। ਰਾਣਾ ਸੋਢੀ ਨੇ ਕਿਹਾ ਕਿ ਕਈ ਕੌਮਾਂਤਰੀ ਤੇ ਕੌਮੀ ਕਰਾਟੇ ਚੈਂਪੀਅਨਸ਼ਿਪ ਵਿੱਚ ਤਮਗ਼ੇ ਜਿੱਤ ਚੁੱਕੀ ਹਰਦੀਪ ਕੌਰ ਨੂੰ ਦੋ ਸਾਲ ਪਹਿਲਾਂ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਸਭਨਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋਣਾ ਪਿਆ ਅਤੇ ਹਰਦੀਪ ਕੌਰ ਵਿਭਾਗ ਵਿੱਚ ਆਪਣੇ ਪੂਰੇ ਦਸਤਾਵੇਜ਼ ਜਮ੍ਹਾ ਨਹੀਂ ਸੀ ਕਰਵਾ ਸਕੀ, ਇਸ ਲਈ ਉਸ ਦੀ ਨਿਯੁਕਤੀ ਵਿੱਚ ਦੇਰੀ ਹੋਈ ਹੈ। ਖੇਡ ਮੰਤਰੀ ਨੇ ਹਰਦੀਪ ਕੌਰ ਨੂੰ ਵਿਸ਼ਵ ਪੱਧਰੀ ਖੇਡਾਂ ਲਈ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚੋਂ ਹਟਾਇਆ ਗਿਆ ਐਤਵਾਰ ਦਾ ਕਰਫਿਊ

ਪੰਜਾਬ ਖੇਡ ਵਿਭਾਗ ਦੀ ਡਿਜੀਟਲ ਪਹਿਲ, ਰਾਣਾ ਸੋਢੀ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ” ਜਾਰੀ