ਚੰਡੀਗੜ੍ਹ, 12 ਮਈ 2021 – ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਆਪਣੇ ਸ਼ੋਕ ਸੰਦੇਸ਼ ਵਿੱਚ ਸ. ਰੰਧਾਵਾ ਨੇ ਕਿਹਾ ਕਿ ਜਿੱਥੇ ਇਹ ਸੂਬੇ, ਪਾਰਟੀ ਤੇ ਜ਼ੀਰਾ ਪਰਿਵਾਰ ਲਈ ਵੱਡਾ ਘਾਟਾ ਹੈ ਉਥੇ ਉਨ੍ਹਾਂ ਨੂੰ ਨਿੱਜੀ ਤੌਰ ਉਤੇ ਬਹੁਤ ਵੱਡਾ ਘਾਟਾ ਪਿਆ ਹੈ।ਉਨ੍ਹਾਂ ਸ. ਜ਼ੀਰਾ ਨੂੰ ਜ਼ਮੀਨ ਨਾਲ ਜੁੜਿਆ ਅਤੇ ਕਿਸਾਨਾਂ ਤੇ ਕਿਸਾਨੀ ਹੱਕਾਂ ਲਈ ਮੋਹਰੀ ਹੋ ਕੇ ਲੜਨ ਵਾਲਾ ਧੜੱਲੇਦਾਰ ਆਗੂ ਦੱਸਦਿਆਂ ਕਿਹਾ ਕਿ ਉਹ ਆਪਣੀ ਗੱਲ ਬੇਬਾਕੀ ਨਾਲ ਕਰਨ ਲਈ ਜਾਣੇ ਜਾਂਦੇ ਸਨ ਜਿਨ੍ਹਾਂ ਰਾਜਨੀਤੀ ਕਰਦਿਆਂ ਆਪਣੇ ਅਸੂਲਾਂ ਨਾਲ ਕਿਤੇ ਸਮਝੌਤਾ ਨਹੀਂ ਕੀਤਾ।ਉਨ੍ਹਾਂ ਦੇ ਬੇਵਕਤੇ ਤੁਰ ਜਾਣ ਨਾਲ ਰਾਜਨੀਤੀ ਖੇਤਰ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਜੋ ਛੇਤੀ ਪੂਰਿਆਂ ਨਹੀਂ ਜਾਣਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਜ ਇਕ ਸੁਹਿਰਦ ਆਗੂ ਗੁਆ ਲਿਆ।
ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਕਾਂਗਰਸ ਪਾਰਟੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵਿੱਛੜੇ ਹੋਏ ਆਗੂ ਦੇ ਸਪੁੱਤਰ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਮੁੱਚੇ ਪਰਿਵਾਰ, ਉਨ੍ਹਾਂ ਦੇ ਸਾਕ-ਸਨੇਹੀਆਂ, ਮਿੱਤਰਾਂ ਤੇ ਸਮਰਥਕਾਂ ਨਾਲ ਵੀ ਦੁੱਖ ਸਾਂਝਾ ਕੀਤਾ।
ਰੰਧਾਵਾ ਨੇ ਵਾਹਿਗੁਰੂ ਅੱਗੇ ਵਿੱਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।