- 23 ਜੂਨ ਨੂੰ ਕੀਤਾ ਜਾਏਗਾ ਅੰਤਿਮ ਸਸਕਾਰ
- ਪੀਜੀਆਈ ਵੱਲੋਂ ਆਈ ਰਿਪੋਰਟ ਅਤੇ ਕੋਲਕਾਤਾ ਵਿਖੇ ਹੋਏ ਪੋਸਟਮਾਰਟਮ ਦੀ ਰਿਪੋਰਟ ਨੂੰ ਮਿਲਾਨ ਕਰਵਾ ਕੇ ਹੀ ਅੱਗੇ ਕੋਈ ਫ਼ੈਸਲਾ ਲਿਆ ਜਾਵੇਗਾ – ਭੁਪਿੰਦਰ ਸਿੰਘ
- ਸ਼ਾਮ ਤੱਕ ਆ ਸਕਦੀ ਹੈ ਪੀਜੀਆਈ ਵੱਲੋਂ ਕੀਤੇ ਪੋਸਟਮਾਰਟਮ ਦੀ ਰਿਪੋਰਟ
ਚੰਡੀਗੜ੍ਹ / ਫਿਰੋਜ਼ਪੁਰ 22 ਜੂਨ 2021 – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਅੱਜ ਦੁਬਾਰਾ ਪੋਸਟਮਾਰਟਮ ਚੰਡੀਗੜ੍ਹ ਪੀਜੀਆਈ ਵਿਖੇ ਕੀਤਾ ਗਿਆ। ਜਿਸ ਲਈ ਬਕਾਇਦਾ ਇੱਕ ਡਾਕਟਰਾਂ ਦੀ ਟੀਮ ਬਣਾਈ ਗਈ ਸੀ ਅਤੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਸ਼ਾਮ ਤੱਕ ਆ ਸਕਦੀ ਹੈ।
ਅੱਜ ਸਵੇਰੇ ਪਰਿਵਾਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਚੰਡੀਗੜ੍ਹ ਪੀਜੀਆਈ ਮੋਰਚਰੀ ਵਿਚ ਪੁੱਜਿਆ ਸੀ ਜਿੱਥੇ ਉਸ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ 23 ਜੂਨ ਨੂੰ ਦੁਪਹਿਰ ਦੋ ਵਜੇ ਫਿਰੋਜ਼ਪੁਰ ਵਿਖੇ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਜਾਏਗਾ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਪੁਲਸ ਅਤੇ ਕਲਕੱਤਾ ਏਟੀਐੱਸ ਤੇ ਪਹਿਲਾਂ ਤੋਂ ਲਾਏ ਹੋਏ ਦੋਸ਼ ਫਿਰ ਦੁਹਰਾਏ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ। ਪਰਿਵਾਰ ਵੱਲੋਂ ਜੈਪਾਲ ਭੁੱਲਰ ਦੀ ਲਾਸ਼ ਨੂੰ ਵੇਖਣ ਤੋਂ ਬਾਅਦ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਹੈ ਅਤੇ ਬਾਅਦ ਵਿੱਚ ਉਸ ਨੂੰ ਕਤਲ ਕੀਤਾ ਗਿਆ ਹੈ।
ਜਿਸ ਨੂੰ ਲੈ ਕੇ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਚਾਰਾਜੋਈ ਕੀਤੀ ਗਈ ਸੀ। ਇਸ ਦੌਰਾਨ ਕੱਲ੍ਹ 21 ਜੂਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੈਪਾਲ ਭੁੱਲਰ ਦੀ ਡੈੱਡ ਬਾਡੀ ਦਾ ਦੁਬਾਰਾ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਸਨ। ਜੈਪਾਲ ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਪੀਜੀਆਈ ਵੱਲੋਂ ਆਈ ਰਿਪੋਰਟ ਅਤੇ ਕੋਲਕਾਤਾ ਵਿਖੇ ਹੋਏ ਪੋਸਟਮਾਰਟਮ ਦੀ ਰਿਪੋਰਟ ਨੂੰ ਮਿਲਾਨ ਕਰਵਾ ਕੇ ਹੀ ਅੱਗੇ ਕੋਈ ਫ਼ੈਸਲਾ ਲਿਆ ਜਾਵੇਗਾ।