- ਖੁਰਾਕ ਤੇ ਡਰੱਗ ਪ੍ਰਬੰਧਨ ਨੂੰ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼
- ਰੈਮਡੇਸੀਵਰ ਇੰਜੈਕਸ਼ਨ ਉੱਤੇ ਮਰੀਜ਼ ਦਾ ਨਾਮ ਅਤੇ ਆਈਪੀਡੀ ਨੰਬਰ ਲਿਖਣਾ ਜ਼ਰੂਰੀ
- ਦਵਾਈਆਂ ਦੀ ਸਪਲਾਈ ’ਤੇ ਤਿੱਖੀ ਨਜ਼ਰ ਰੱਖਣ ਲਈ 60 ਡਰੱਗ ਕੰਟਰੋਲ ਅਧਿਕਾਰੀ ਤਾਇਨਾਤ
ਚੰਡੀਗੜ੍ਹ, 9 ਮਈ 2021 – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੁਰਾਕ ਅਤੇ ਡਰੱਗ ਪ੍ਰਬੰਧਨ (ਐਫ.ਡੀ.ਏ.) ਵਿਭਾਗ ਨੇ ਕਾਲਾਬਜ਼ਾਰੀ ਨੂੰ ਠੱਲ ਪਾਉਣ ਲਈ ਮੁੱਖ ਦਫਤਰ ਵਿਖੇ ਰੈਮਡੇਸੀਵਰ ਇੰਜੈਕਸ਼ਨ ਮਾਨੀਟ੍ਰਿੰਗ ਕੇਂਦਰ ਸਥਾਪਤ ਕੀਤਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇੰਜੈਕਸ਼ਨ ਦੀ ਸਪਲਾਈ ,ਉਪਲਬਧਤਾ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਇਸਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੰਜੈਕਸ਼ਨ ਖਰੀਦਣ ਲਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਿਹਤ ਵਿਭਾਗ ਦੇ ਗੁਦਾਮਾਂ ਵਿਚ ਰੀਮੇਡੇਸਿਵਰ ਦੀ ਕੋਈ ਘਾਟ ਨਹੀਂ ਹੈ।
ਕੋਵਿਡ ਸਬੰਧੀ ਦਵਾਈਆਂ ਦੀ ਕਾਲਾਬਜ਼ਾਰੀ ਤੇ ਜ਼ਖੀਰੇਬਾਜ਼ੀ ਉੱਤੇ ਡੰੂਘੀ ਚਿੰਤਾ ਜ਼ਾਹਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਖੁਰਾਕ ਅਤੇ ਡਰੱਗ ਪ੍ਰਬੰਧਨ (ਐਫ.ਡੀ.ਏ.) ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਥੋਕ ਦਾ ਵਪਾਰੀ , ਡਿਸਟ੍ਰੀਬਿਊਟਰ ਜਾਂ ਰਿਟੇਲਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੀਕੇ ਦੀ ਸ਼ੀਸ਼ੀ ਉੱਤੇ ਮਰੀਜ਼ ਦਾ ਨਾਮ ਅਤੇ ਆਈਪੀਡੀ ਨੰਬਰ ਲਿਖਣਾ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਐਫ.ਡੀ.ਏ ਦੀ ਟੀਮ ਕੋਵਿਡ ਕੇਅਰ ਸੈਂਟਰ ਵਿਖੇ ਖਾਲੀ ਸ਼ੀਸ਼ੀ ਦੀ ਨਸ਼ਟ ਕਰਨ ਤੋਂ ਪਹਿਲਾਂ ਅਸਾਨੀ ਨਾਲ ਪੜਤਾਲ ਕੀਤੀ ਜਾ ਸਕੇ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਮਿਆਰੀ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ 60 ਡਰੱਗ ਕੰਟਰੋਲ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਪੰਜਾਬ ਵਿੱਚ ਦਵਾਈਆਂ ਦੀ ਸਪਲਾਈ ‘ਤੇ ਤਿੱਖੀ ਨਜ਼ਰ ਰੱਖੀ ਜਾ ਸਕੇ।
ਉਹਨਾਂ ਨੇ ਐਫ.ਡੀ.ਏ. ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੂਬੇ ਭਰ ਵਿੱਚ ਕੋਵਿਡ ਨਾਲ ਸਬੰਧਤ ਜਾਂ ਕੋਵਿਡ ਪ੍ਰਬੰਧਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਅਤੇ ਸਟਾਕਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਕਰੇਤਾ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਰੈਮਡੇਸੀਵਰ ਦੀ ਸੁਚੱਜੀ ਸਪਲਾਈ ਦੇ ਨਾਲ- ਨਾਲ ਸਾਰੇ ਸਬੰਧਤ ਅਧਿਕਾਰੀਆਂ ਨੂੰ ਵੇਚਣ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਕੋਵਿਡ -19 ਮਹਾਂਮਾਰੀ ਫਿਰ ਤੋਂ ਆਪਣੇ ਸ਼ਿਖਰ ’ਤੇ ਹੈ ਅਤੇ ਦਿਨ-ਬ-ਦਿਨ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ।
ਮੰਤਰੀ ਨੇ ਕਿਹਾ ਕਿ ਸਾਰੇ ਕੈਰਿੰਗ ਅਤੇ ਫਾਰਵਰਡ ਏਜੰਟ, ਡਿੱਪੋ ਇੰਚਾਰਜ, ਥੋਕ ਵਿਕਰੇਤਾ ਅਤੇ ਡਿਸਟ੍ਰੀਬਿਊਟਰ ਵਲੋਂ ਪੰਜਾਬ ਵਿਚ ਰੈਮਡੇਸਿਵਰ ਇੰਜੈਕਸਨਾਂ ਦੀ ਨਿਰੰਤਰ ਸਪਲਾਈ ਨੂੰ ਬਣਾਈ ਰੱਖਿਆ ਜਾਵੇ। ਉਨਾਂ ਕਿਹਾ ਕਿ ਫਿਲਹਾਲ ਉਕਤ ਦਵਾਈਆਂ ਸਿਰਫ ਹਸਪਤਾਲਾਂ / ਸਿਹਤ ਸੰਸਥਾਵਾਂ ਅਤੇ ਡਾਕਟਰੀ ਮਾਹਰਾਂ ਦੀ ਦੇਖ-ਰੇਖ ਵਾਲੇ ਮਰੀਜ਼ਾਂ ਨੂੰ ਸਿਫਾਰਸ਼ ਕੀਤੀਆ ਦਵਾਈਆਂ ਵਜੋਂ ਵੇਚਣ ਅਤੇ ਵਰਤਣ ਦੀ ਜਰੂਰਤ ਹੈ ਤਾਂ ਜੋ ਸਿਫਾਰਸ਼ ਅਨੁਸਾਰ ਦਵਾਈਆਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।
ਮੰਤਰੀ ਨੇ ਅੱਗੇ ਦੱਸਿਆ ਕਿ ਸਾਰੇ ਡੀਲਰਾਂ / ਸਟਾਕਿਸਟਾਂ ਨੂੰ ਇਹਨਾਂ ਦਵਾਈਆ ਦੇ ਢੁਕਵੇਂ ਤੇ ਲੋੜੀਂਦੇ ਸਟਾਕ ਨੂੰ ਬਣਾਈ ਰੱਖਣ ਅਤੇ ਦਵਾਈਆਂ ਦੀ ਵੰਡ ‘ਤੇ ਸਖਤ ਨਿਯੰਤਰਣ ਰੱਖਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਦਵਾਈਆਂ ਦੇ ਭੰਡਾਰ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਭਾਰਤ ਸਰਕਾਰ ਨੇ 21 ਅਪ੍ਰੈਲ 2021 ਤੋਂ 9 ਮਈ 2021 ਤੱਕ ਪੰਜਾਬ ਵਿੱਚ ਵੰਡ ਲਈ 50,000 ਟੀਕੇ ਅਲਾਟ ਕੀਤੇ ਸਨ ਜਦੋਂਕਿ ਪੰਜਾਬ ਨੂੰ 41,056 ਟੀਕੇ ਹੀ ਪ੍ਰਾਪਤ ਹੋਏ । ਉਨਾਂ ਦੱਸਿਆ ਕਿ 20,450 ਟੀਕੇ ਸਰਕਾਰੀ ਕੋਵਿਡ ਕੇਅਰ ਸੈਂਟਰਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ 20,606 ਟੀਕੇ ਨਿੱਜੀ ਕੋਵਿਡ ਕੇਅਰ ਸੈਂਟਰਾਂ ਨੂੰ ਵੰਡੇ ਗਏ ਹਨ।
ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਪੱਤਰ ਅਨੁਸਾਰ ਪੰਜਾਬ ਨੂੰ 9 ਮਈ 2021 ਤੋਂ 16 ਮਈ 2021 ਤੱਕ 35,000 ਰੈਮਡੇਸੀਵਰ ਟੀਕੇ ਪ੍ਰਾਪਤ ਹੋਣਗੇ। ਉਨਾਂ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਵੰਡਣ ਤੋਂ ਬਾਅਦ ਸਿਹਤ ਵਿਭਾਗ ਕੋਲ ਸਟਾਕ ਵਿੱਚ 4913 ਰੈਮਡੇਸੀਵਰ ਇੰਜੈਕਸ਼ਨ, 60,000 ਡੈਕਸਾਮੈਥਾਸੋਨ-4ਐਮ.ਜੀ. ਇੰਜ. ਅਤੇ 25 ਲੱਖ ਪੈਰਾਸੀਟਾਮੋਲ ਦੀਆਂ ਗੋਲੀਆਂ ਆਦਿ ਉਪਲਬਧ ਹਨ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਰਾਜ ਸਰਕਾਰ ਹਸਪਤਾਲਾਂ ਵਿੱਚ ਅਜਿਹੀਆਂ ਸਾਰੀਆਂ ਦਵਾਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਉਪਰਾਲੇ ਕਰ ਰਹੀ ਹੈ।